Punjab

‘CM ਮਾਨ ਨੇ ਵਿਧਾਨਸਭਾ ‘ਚ ਪੰਜਾਬੀ ਦੀ ਲਾਈ ਕਲਾਸ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀ ਦੀ ਕਲਾਸ ਲਾਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਆਪਣੇ ਭਾਸ਼ਣ ਵਿੱਚ ਹਰ ਤੀਜੀ ਗੱਲ ਅੰਗਰੇਜ਼ੀ ਵਿੱਚ ਬੋਲਦੇ ਹਨ, ਪੰਜਾਬੀ ਸਹੀ ਤਰ੍ਹਾਂ ਨਹੀਂ ਉਚਾਰਣ ਕਰਦੇ, ਉਹ ਸਾਡੇ ਨਾਲ ਪੰਜਾਬੀ ਦੀ ਗੱਲ ਕਰਦੇ ਹਨ। ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਮੁੱਖ ਮੰਤਰੀ ਮਾਨ ਦੀ ਗੱਲ ਵਿੱਚ ਹੀ ਟੋਕੀ ਗਈ ਤਾਂ ਮਾਨ ਨੇ ਖਹਿਰਾ ਦੇ ਦੁਆਲੇ ਹੁੰਦਿਆਂ ਕਿਹਾ ਕਿ ਤੁਸੀਂ ਪਹਿਲਾਂ ਸੁਣਨ ਦੀ ਆਦਤ ਪਾਉ। ਜਦੋਂ ਖਹਿਰਾ ਨੇ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੇਰਾ ਬੋਲਣ ਦਾ ਹੱਕ ਹੈ ਤਾਂ ਮਾਨ ਨੇ ਤਲਖੀ ਵਿੱਚ ਆਉਂਦਿਆਂ ਕਿਹਾ ਕਿ ਜਦੋਂ ਮੈਂ ਬੋਲ ਰਿਹਾ ਤਾਂ ਤੁਸੀਂ ਇੱਦਾਂ ਕਿੱਦਾਂ ਬੋਲ ਸਕਦੇ ਹੋ। ਇਸ ਦੌਰਾਨ ਆਪਣੇ ਭਾਸ਼ਣ ਦੌਰਾਨ ਭਗਵੰਤ ਮਾਨ ਇੱਕੋ ਦਮ ਆਪਣੀ ਸੀਟ ਉੱਤੇ ਬੈਠ ਗਏ ਅਤੇ ਕਿਹਾ ਕਿ ਖਹਿਰਾ ਸਾਹਿਬ, ਤੁਸੀਂ ਪਹਿਲਾਂ ਬੋਲ ਲਉ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਿਸੇ ਨੇ ਵੀ ਮੁੱਖ ਮੰਤਰੀ ਦੇ ਬੋਲਣ ਸਮੇਂ ਦਖ਼ਲਅੰਦਾਜ਼ੀ ਨਹੀਂ ਕਰਨੀ। ਤਾਂ ਮਾਨ ਨੇ ਖਹਿਰਾ ਉੱਤੇ ਤੰਜ ਕੱਸਦਿਆਂ ਮਾਨ ਨੇ ਪੁੱਛਿਆ ਕਿ ਕੀ ਰਨਿੰਗ ਕੁਮੈਂਟਰੀ ਕਰਨੀ ਜ਼ਰੂਰੀ ਹੁੰਦੀ ਹੈ। ਸੀਐੱਮ ਮਾਨ ਨੇ ਮਜ਼ਾਕੀਆ ਲਹਿਜੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਸੁਖਪਾਲ ਸਿੰਘ ਖਹਿਰਾ ਦੇ ਸੈੱਲ ਕੱਢਣ ਲਈ ਵੀ ਕਿਹਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕਹਿੰਦੇ ਹਨ ਕਿ ਫਲਾਣੇ ਨੂੰ ਰਾਜ ਸਭਾ ਭੇਜ ਦਿੱਤਾ ਅਖੇ ਉਹਨੂੰ ਪੰਜਾਬੀ ਨਹੀਂ ਆਉਂਦੀ। ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਜਿਹੜੇ ਸੱਤ ਮੈਂਬਰ ਰਾਜ ਸਭਾ ਗਏ ਹਨ, ਉਨ੍ਹਾਂ ਨੂੰ ਸੱਤਾ ਵਿੱਚ ਲੋਕਾਂ ਨੇ ਨਕਾਰਿਆ ਨਹੀਂ ਹੋਇਆ ਹੈ, ਕੋਈ ਵੀ ਹਾਰਿਆ ਨਹੀਂ ਹੋਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਮਾਡਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਸਿੱਖਿਆ ਬਦਲਣ ਕਰਕੇ ਮਾਪਿਆਂ ਨੇ ਚਾਰ ਲੱਖ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਭਰਤੀ ਕਰ ਦਿੱਤਾ ਹੈ। ਪਰ ਇੱਥੇ ਪਹਿਲੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਮਾਰਕਿਟ ਬਣਾ ਕੇ ਦਿੱਤੀਆਂ ਹਨ। ਇਹੀ ਦੁੱਖ ਲੈ ਕੇ ਮੈਂ ਰਾਜਨੀਤੀ ਵਿੱਚ ਆਇਆ ਹਾਂ, ਨਹੀਂ ਤਾਂ ਮੈਂ ਤਾਂ ਕਲਾਕਾਰੀ ਵਿੱਚ ਬਹੁਤ ਵਧੀਆ ਲੈਵਲ ਉੱਤੇ ਸੀ, ਮੈਨੂੰ ਸਰਕਾਰਾਂ ਨਾਲ ਮੱਥਾ ਲਾਉਣ ਦੀ ਕੀ ਲੋੜ ਸੀ, ਮੈਨੂੰ ਕੀ ਲੋੜ ਸੀ ਵਿਰੋਧੀਆਂ ਦੀਆਂ ਆਲੋਚਨਾਵਾਂ ਸੁਣਨ ਦੀ। ਪਰ ਮੇਰੇ ਮਨ ਦੀ ਗੱਲ ਸੀ ਕਿ ਹਾਸੇ ਵੀ ਉਦੋਂ ਚੰਗੇ ਲੱਗਦੇ ਹਨ ਜਦੋਂ ਲੋਕਾਂ ਦੇ ਚੁੱਲ੍ਹਿਆਂ ਵਿੱਚ ਅੱਗ ਬਲਦੀ ਹੋਵੇ। ਪਰ ਚੁੱਲ੍ਹਿਆਂ ਦੀ ਅੱਗ ਬੁਝ ਗਈ, ਲੋਕ ਗਰੀਬੀ, ਬੇਰੁਜ਼ਗਾਰੀ ਨਾਲ ਮਾਰੇ ਗਏ। ਮਾਨ ਨੇ ਦਾਅਵਾ ਕੀਤਾ ਕਿ ਅਸੀਂ ਇਸ ਮੌਕੇ ਵਿੱਚ ਸਾਰੇ ਕੰਮ ਕਰਕੇ ਵਿਖਾਵਾਂਗੇ।

ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਉੱਤੇ ਤੰਜ ਕੱਸਦਿਆਂ ਕਿਹਾ ਕਿ ਹੁਣ ਲੀਡਰ ਸਰਕਾਰ ਤੋਂ ਘਰ ਮੰਗ ਰਹੇ ਹਨ। ਕਮਾਲ ਹੈ ਕਿ ਜੇ ਤੁਸੀਂ ਇੰਨਾ ਲੁੱਟ ਕੇ ਵੀ ਚੰਡੀਗੜ੍ਹ ਵਿੱਚ ਹਾਲੇ ਤੱਕ ਘਰ ਨਹੀਂ ਬਣਾ ਸਕੇ, ਹਾਲੇ ਸਰਕਾਰ ਦੇਵੇ, ਤਾਂ ਫਿਰ ਇਹ ਚੈੱਕ ਕਰਨ ਵਾਲੀ ਗੱਲ ਹੈ, ਅਸੀਂ ਚੈੱਕ ਕਰਾਂਗੇ। ਜੋ ਸੰਵਿਧਾਨ ਮੁਤਾਬਕ ਘਰ ਡਿਸਰਵ ਕਰਦਾ ਹੈ, ਉਸਨੂੰ ਅਸੀਂ ਜ਼ਰੂਰ ਦੇਵਾਂਗੇ। ਮਾਨ ਨੇ ਕਿਹਾ ਕਿ ਮੈਂ ਆਪਣੇ ਵਿਰੋਧੀਆਂ ਦਾ ਦਰਦ ਸਮਝ ਸਕਦਾ ਹੈ ਅਤੇ ਇਹ ਦਰਦ ਖਾਸਾ ਡੂੰਘਾ ਹੈ ਪਰ ਇਸ ਵਾਰ ਇਹ ਦਰਦ ਲੰਮਾ ਚੱਲੇਗਾ। ਪਹਿਲਾਂ ਪਤਾ ਹੁੰਦਾ ਸੀ ਕਿ ਕੋਈ ਨਹੀਂ ਅਗਲੀ ਵਾਰ ਆਪਣੀ ਵਾਰੀ ਹੈ, ਪਰ ਹੁਣ ਉਹ ਵਾਰੀਆਂ ਟੁੱਟ ਗਈਆਂ ਹਨ।

ਮਾਨ ਨੇ ਕਿਹਾ ਕਿ ਮਾਲੀਆ ਵਧਾਉਣਾ ਹੈ, ਕਰਜ਼ਾ ਘਟਾਉਣਾ ਹੈ। ਅਸੀਂ ਕਰਜ਼ਾ ਨਹੀਂ ਲੈਣਾ, ਇੱਥੋਂ ਹੀ ਆਪਣੇ ਸਰੋਤਾਂ ਨੂੰ ਠੀਕ ਕਰਾਂਗੇ। ਅਸੀਂ ਬਹੁਤ ਸਾਰਾ ਪੈਸਾ ਲੈ ਕੇ ਆਵਾਂਗੇ ਅਤੇ ਲੋਕਾਂ ਉੱਤੇ ਲਾਵਾਂਗੇ, ਇਸ ਕਰਕੇ ਵਿਰੋਧੀ ਪਾਰਟੀਆਂ ਨੂੰ ਇਹ ਗੱਲ ਪੁੱਛਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ ਕਿ ਪੈਸਾ ਕਿੱਥੋਂ ਲਿਆਵੋਗੇ। ਕਾਫ਼ੀ ਪੈਸਾ ਤਾਂ ਇਨ੍ਹਾਂ ਤੋਂ ਹੀ ਆਵੇਗਾ। ਅਸੀਂ ਕਾਗਜ਼ ਕੱਢਣ ਲੱਗੇ ਹੋਏ ਹਾਂ। ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਅਸੀਂ ਕਿਸੇ ਦਾ ਨਾਂ ਨਹੀਂ ਲਿਆ ਪਰ ਫਿਰ ਵੀ ਦੋ ਤਿੰਨ ਐਵੇਂ ਹੀ ਹਾਈਕੋਰਟ ਜਾ ਵੜੇ ਕਿ ਸਾਨੂੰ ਫੜਨ ਸਮੇਂ ਸੱਤ ਦਿਨ ਪਹਿਲਾਂ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਤਾਂ ਸਾਨੂੰ ਯਾਦ ਕਰਵਾ ਦਿੱਤਾ ਕਿ ਇਹਨੂੰ ਫੜੋ। ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਦਮਾਂ ਉੱਤੇ ਚੱਲਾਂਗੇ। ਅਸੀਂ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਾਂਗੇ।

ਮਾਨ ਨੇ ਆਪਣੀ ਸਭ ਤੋਂ ਖ਼ਾਸ ਗਾਰੰਟੀ ਜਿਸਨੂੰ ਲੈ ਕੇ ਵਿਰੋਧੀਆਂ ਵੱਲੋਂ ਆਪ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ, ਬਾਰੇ ਬੋਲਦਿਆਂ ਕਿਹਾ ਕਿ ਜਦੋਂ ਹੀ ਸਾਡੇ ਸਰੋਤ ਪੂਰੇ ਹੋ ਗਏ, ਉਦੋਂ ਅਸੀਂ ਔਰਤਾਂ ਨੂੰ 1000 ਰੁਪਏ ਦੇਣ ਵਾਲੀ ਗਾਰੰਟੀ ਪੂਰੀ ਕਰਾਂਗੇ। ਇਸਦੇ ਨਾਲ ਹੀ ਮਾਨ ਨੇ ਐਲਾਨ ਕੀਤਾ ਕਿ ਅਗਲੇ ਸੈਸ਼ਨ ਵਿੱਚ ਸਭ ਨੂੰ ਨਵੀਂ ਵਿਧਾਨ ਸਭਾ ਵੇਖਣ ਨੂੰ ਮਿਲੇਗੀ। ਤੁਹਾਡੇ ਅੱਗੇ ਸਕਰੀਨ ਲੱਗੀ ਹੋਵੇਗੀ। ਮਾਨ ਨੇ ਮੌਜੂਦਾ ਵਿਧਾਨ ਸਭਾ ਨੂੰ ਈ-ਵਿਧਾਨ ਸਭਾ ਵਿੱਚ ਤਬਦੀਲ ਕਰਨ ਦਾ ਦਾਅਵਾ ਕੀਤਾ ਹੈ।