Punjab

ਮਾਨ ਸਰਕਾਰ ਦੇ ਪੰਜ ਵੱਡੇ ਫ਼ੈਸਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ। ਇਹ ਮੀਟਿੰਗ ਸਿਵਲ ਸਕੱਤਰੇਤ ਵਿਖੇ ਹੋਈ ਸੀ। ਇਸ ਮੀਟਿੰਗ ਵਿੱਚ ਰਾਸ਼ਨ ਦੀ ਹੋਮ ਡਲਿਵਰੀ ਅਤੇ ਟਰਾਂਸਪੋਰਟਰਾਂ ਨੂੰ ਪੈਨਲਟੀ ਤੋਂ ਛੋਟ ਦੇਣ ਦੇ ਫੈਸਲਿਆਂ ਉੱਤੇ ਮੋਹਰ ਲੱਗ ਗਈ ਹੈ। ਮੀਟਿੰਗ ਵਿੱਚ ਲਏ ਗਏ ਹੋਰ ਕਈ ਅਹਿਮ ਫ਼ੈਸਲਿਆਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ 26,454 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇੱਕ ਵਿਧਾਇਕ, ਇੱਕ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇਣ ਸਮੇਤ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਕੀਮ ਵਿੱਚ ਇੱਕ ਅਕਤੂਬਰ ਤੋਂ ਆਟੇ ਦਾ ਵੀ ਵਿਕਲਪ ਵੀ ਸ਼ਾਮਿਲ ਕੀਤਾ ਜਾਵੇਗਾ। ਘਰ-ਘਰ ਕਣਕ ਸਕੀਮ ਨਾਲ 1.54 ਕਰੋੜ ਲੋਕਾਂ ਨੂੰ ਰਾਹਤ ਮਿਲੇਗੀ। ਇਹ ਸਕੀਮ ਪਹਿਲੀ ਅਕਤੂਬਰ ਤੋਂ ਅਮਲ ਵਿਚ ਆ ਜਾਵੇਗੀ। ਇਸ ਨਾਲ ਸਰਕਾਰੀ ਖਜ਼ਾਨੇ ’ਤੇ 670 ਕਰੋੜ ਦਾ ਬੋਝ ਪਵੇਗਾ। ਇਸ ਸਕੀਮ ਤਹਿਤ ਲਾਭਪਾਤਰੀ ਨੂੰ ਪ੍ਰਤੀ ਮਹੀਨਾ ਪੰਜ ਕਿਲੋ ਕਣਕ ਪਿਸਾ ਕੇ ਘਰ ਪਹੁੰਚਾਈ ਜਾਵੇਗੀ।

ਛੋਟੇ ਟਰਾਂਸਪੋਰਟਰਾਂ ਲਈ ਫੀਸ ਜਮਾ ਕਰਵਾਉਣ ਲਈ 3 ਮਹੀਨੇ ਦਾ ਸਮਾਂ ਵਧਾਇਆ ਗਿਆ ਹੈ ਅਤੇ ਫੀਸ ਕਿਸ਼ਤਾਂ ‘ਚ ਜਮਾ ਹੋ ਸਕੇਗੀ। ਮਾਨ ਸਰਕਾਰ ਨੇ ਕਿਸਾਨਾਂ ਦੇ ਲਈ ਵੀ ਕਈ ਅਹਿਮ ਫ਼ੈਸਲੇ ਲਏ ਹਨ। ਸਰਕਾਰ ਨੇ ਮੁਕਤਸਰ ਜ਼ਿਲ੍ਹੇ ‘ਚ ਨਰਮੇ ਦੀ ਫ਼ਸਲ ਦੇ ਖਰਾਬ ਹੋਣ ‘ਤੇ 41.89 ਕਰੋੜ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ 38.08 ਕਰੋੜ ਕਿਸਾਨਾਂ ਲਈ ਅਤੇ 03.81 ਕਰੋੜ ਖੇਤ ਮਜ਼ਦੂਰਾਂ ਲਈ ਹਨ। ਆਪ ਸਰਕਾਰ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਸਿਰਫ ਐਲਾਨ ਨਹੀਂ ਕਰਦੀ, ਜੋ ਕਹਿੰਦੀ ਹੈ, ਉਹ ਕਰਦੀ ਵੀ ਹੈ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਅੱਜ ਲਏ ਗਏ ਫੈਸਲਿਆਂ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਭਰੀਆਂ ਜਾਣ ਵਾਲੀਆਂ 26 ਹਜ਼ਾਰ 454 ਪੋਸਟਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਸਾਰੀਆਂ ਪੋਸਟਾਂ ਆਉਣ ਵਾਲੇ ਦਿਨਾਂ ਵਿੱਚ ਭਰੀਆਂ ਜਾਣਗੀਆਂ। ਖੇਤੀਬਾੜੀ ਵਿਭਾਗ ਵਿੱਚ 67 ਪੋਸਟਾਂ, ਪਸ਼ੂ ਪਾਲਣ ਵਿਭਾਗ ਵਿੱਚ 218, ਸਹਿਕਾਰਤਾ ਵਿਭਾਗ ਵਿੱਚ 777, ਆਬਕਾਰੀ ਅਤੇ ਕਰ ਵਿਭਾਗ ਵਿੱਚ 338, ਵਿੱਤ ਵਿਭਾਗ ਵਿੱਚ 446, ਜੰਗਲਾਤ ਵਿਭਾਗ ਵਿੱਚ 204, ਸਿਹਤ ਅਤੇ ਪਰਿਵਾਰ ਭਲਾਈ ਵਿੱਚ 2187, ਉਚੇਰੀ ਸਿੱਖਿਆ ਅਤੇ ਭਾਸ਼ਾ ਵਿੱਚ 210, ਗ੍ਰਹਿ ਮਾਮਲੇ ਅਤੇ ਨਿਆਂ ਵਿੱਚ 10, 475, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿੱਚ 235, ਸਥਾਨਕ ਸਰਕਾਰਾਂ ਵਿੱਚ 547, ਮੈਡੀਕਲ ਅਤੇ ਸਿੱਖਿਆ ਅਤੇ ਖੋਜ ਵਿੱਚ 275, ਯੋਜਨਾਬੰਦੀ ਵਿੱਚ 16, ਬਿਜਲੀ ਵਿੱਚ 1690, ਜੇਲ੍ਹਾਂ ਵਿੱਚ 9, ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿੱਚ ਅੱਠ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿੱਚ 803 ਪੋਸਟਾਂ ਹਨ। ਸਕੂਲੀ ਸਿੱਖਿਆ ਉੱਤੇ ਜ਼ੋਰ ਦਿੰਦਿਆਂ 6452 ਪੋਸਟਾਂ, ਗਰੁੱਪ ਬੀ ਦੀਆਂ 115, ਗਰੁੱਪ ਸੀ ਦੀਆਂ 6337 ਪੋਸਟਾਂ ਹਨ। ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿੱਚ 123, ਸਮਾਜਿਕ ਨਿਆਂ ਵਿੱਚ 30, ਸਮਾਜਿਕ ਸੁਰੱਖਿਆ ਵਿੱਚ 82, ਤਕਨੀਕੀ ਸਿੱਖਿਆ ਵਿੱਚ 989, ਜਲ ਸਪਲਾਈ ਅਤੇ ਸੈਨੀਟੇਸ਼ਨ ਵਿੱਚ 155 ਪੋਸਟਾਂ ਕੱਢੀਆਂ ਗਈਆਂ ਹਨ।

ਹਰਪਾਲ ਚੀਮਾ ਨੇ ਕਿਹਾ ਕਿ ਇਨ੍ਹਾਂ ਫੈਸਲਿਆਂ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਿਜਲੀ ਸੰਕਟ ਨਹੀਂ ਰਹੇਗਾ। ਚੀਮਾ ਨੇ ਪੰਜ-ਛੇ ਵਾਰ ਪੈਨਸ਼ਨ ਲੈਣ ਵਾਲੇ ਵਿਧਾਇਕਾਂ ਦਾ ਅੰਕੜਾ ਦੱਸਦਿਆਂ ਕਿਹਾ ਕਿ ਕੁੱਲ 241 ਸਾਬਕਾ ਵਿਧਾਇਕ ਪੰਜ-ਪੰਜ, ਛੇ-ਛੇ ਵਾਰ ਪੈਨਸ਼ਨ ਲੈਂਦੇ ਸਨ। ਇਨ੍ਹਾਂ ਵਿੱਚ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ, ਬੀਬੀ ਰਜਿੰਦਰ ਕੌਰ ਭੱਠਲ ਦਾ ਨਾਂ ਵਿਸ਼ੇਸ਼ ਤੌਰ ਉੱਤੇ ਲਿਆ।