Punjab

ਪੰਜਾਬ ਕੈਬਨਿਟ ’ਚ ਅਹਿਮ ਫ਼ੈਸਲਿਆਂ ’ਤੇ ਲੱਗੀ ਮੋਹਰ

ਅੱਜ (28 ਅਕਤੂਬਰ 2025) ਪੰਜਾਬ ਕੈਬਨਿਟ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਫ਼ੈਸਲਿਆਂ ਬਾਰੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਫਾਈਡ ਬਿਲਡਿੰਗ ਬਿੱਲ 2025 ਨੂੰ ਮੰਨਜ਼ੂਰੀ ਦਿੱਤੀ ਗਈ। ਰਿਹਾਇਸ਼ੀ ਬਿਲਡਿੰਗਾਂ ਦੀ ਉਚਾਈ 15 ਤੋਂ ਵਧਾ ਕੇ 21 ਮੀਟਰ ਕੀਤੀ ਗਈ। ਇਨ੍ਹਾਂ ਲਈ ਸੈਲਫ ਸਰਟੀਫਿਕੇਸ਼ਨ ਨਕਸ਼ੇ ਦੀ ਇਜਾਜ਼ਤ ਮਿਲੇਗੀ। ਪੰਜਾਬ ਸਪੋਰਟਸ ਮੈਡੀਕਲ ਕੇਡਰ ਦੀਆਂ 14 ਗਰੁੱਪ ਏ ਦੀਆਂ, 16 ਗਰੁੱਪ ਬੀ ਦੀਆਂ ਅਤੇ 80 ਗਰੁੱਪ ਸੀ ਦੀਆਂ ਲਗਭਗ 100 ਤੋਂ ਵੱਧ ਨਵੀਆਂ ਪੋਸਟਾਂ ਬਣਾਈਆਂ ਗਈਆਂ ਹਨ।

  • ਲੁਧਿਆਣਾ ਵਿੱਚ ਨਵੀਂ ਸਬ-ਤਹਿਸੀਲ ਬਣਾਉਣ ਨੂੰ ਪ੍ਰਵਾਨਗੀ। ਇਸ ਵਿੱਚ 4 ਪਟਵਾਰ ਸੈਕਟਰ, 1 ਕੰਨਗੋ ਸੈਕਟਰ ਤੇ 7-8 ਪਿੰਡ ਸ਼ਾਮਲ ਹੋਣਗੇ।
  • ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਵਿੱਚ ਅਪਗ੍ਰੇਡ ਕੀਤਾ ਗਿਆ।
  • ਡੇਰਾ ਬਸੀ ਵਿੱਚ 100 ਬੈੱਡਾਂ ਵਾਲਾ ESI ਹਸਪਤਾਲ ਬਣਾਉਣ ਨੂੰ ਮੰਨਜ਼ੂਰੀ ਮਿਲੀ।
  • ਪੰਜਾਬ ਯੂਨੀਫਾਈਡ ਬਿਲਡਿੰਗ ਬਿੱਲ 2025 ਨੂੰ ਮੰਨਜ਼ੂਰੀ ਦਿੱਤੀ ਗਈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਜਲਾਉਣ ਦੇ ਮੁੱਦੇ ‘ਤੇ ਦਿੱਲੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਰਾਲੀ ਦੇ ਨਾਂ ‘ਤੇ ਬਦਨਾਮ ਕੀਤਾ ਜਾ ਰਿਹਾ ਹੈ। ਹਰ ਮਸਲੇ ਵਿੱਚ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਮਾਨ ਨੇ ਸਵਾਲ ਚੁੱਕਿਆ ਕਿ “ਹਵਾ ਨਹੀਂ ਚੱਲ ਰਹੀ, ਧੂਆਂ ਦਿੱਲੀ ਕਿਵੇਂ ਪਹੁੰਚ ਗਿਆ?” ਉਨ੍ਹਾਂ ਕਿਹਾ ਕਿ ਕੀ ਪੰਜਾਬ ਦਾ ਧੂਆਂ ਦਿੱਲੀ ਜਾ ਕੇ ਰੁਕ ਜਾਂਦਾ ਹੈ, ਅੱਗੇ ਨਹੀਂ ਜਾਂਦਾ? ਇਸ ਵਾਰ ਪਰਾਲੀ ਸੜੀ ਵੀ ਨਹੀਂ, ਪਰ ਦੋਸ਼ ਪਹਿਲਾਂ ਤੋਂ ਹੀ ਪੰਜਾਬ ‘ਤੇ ਥੋਪ ਦਿੱਤੇ ਗਏ।

ਉਨ੍ਹਾਂ ਨੇ ਪੁੱਛਿਆ, “ਪੰਜਾਬ ਦਾ ਧੂੰਆ ਦਿੱਲੀ ਆਉਂਦਾ ਹੈ ਹਰਿਆਣੇ ਦਾ ਕਿਉਂ ਨਹੀਂ।  ਮਾਨ ਨੇ ਕਿਹਾ ਕਿ ਪਰਾਲੀ ਨੂੰ ਸਿਰਫ਼ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਮਾਨ ਨੇ ਕੇਂਦਰ ਨੂੰ ਸਲਾਹ ਦਿੱਤੀ ਕਿ ਅੰਨਦਾਤੇ ਨੂੰ ਬਦਨਾਮ ਨਾ ਕਰੇ, ਪੱਕਾ ਹੱਲ ਲੱਭੇ ਤੇ ਕਿਸਾਨਾਂ ਨੂੰ ਦੂਜੀਆਂ ਫਸਲਾਂ ਲਈ ਪ੍ਰੇਰਿਤ ਕਰੇ। ਉਨ੍ਹਾਂ ਜ਼ੋਰ ਦਿੱਤਾ ਕਿ ਕੇਂਦਰ ਨੂੰ ਹੱਲ ਲੱਭਣਾ ਚਾਹੀਦਾ ਹੈ, ਨਾ ਕਿ ਪੰਜਾਬ ਨੂੰ ਨਿਸ਼ਾਨਾ ਬਣਾਉਣਾ।