Punjab

ਪੰਜਾਬ ਜ਼ਿਮਨੀ ਚੋਣਾਂ : 4 ਸੀਟਾਂ ‘ਤੇ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਾਂ ਦੀ ਗਿਣਤੀ ਹੋਵੇਗੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ਵਿਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇਕ ਸੰਸਦ ਮੈਂਬਰ ਦੇ ਪੁੱਤਰ ‘ਤੇ ਹੋਣਗੀਆਂ।

ਸੀਸੀਟੀਵੀ ਕੈਮਰਿਆਂ ਰਾਹੀਂ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਥ੍ਰੀ ਲੇਅਰ ਸਕਿਓਰਿਟੀ ਹੋਵੇਗੀ। ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਸਿਰਫ਼ ਉਹੀ ਲੋਕ ਗਿਣਤੀ ਕੇਂਦਰਾਂ ਵਿੱਚ ਜਾ ਸਕਣਗੇ ਜਿਨ੍ਹਾਂ ਦੇ ਕਾਰਡ ਚੋਣ ਕਮਿਸ਼ਨ ਨੇ ਬਣਾਏ ਹਨ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ 11 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਹੋਵੇਗੀ। ਵੋਟਾਂ ਦੀ ਗਿਣਤੀ 18 ਗੇੜਾਂ ਵਿੱਚ ਮੁਕੰਮਲ ਹੋਵੇਗੀ। ਜਦੋਂ ਕਿ ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟ, ਹੁਸ਼ਿਆਰਪੁਰ ਵਿਖੇ 15 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।

ਗਿੱਦੜਬਾਹਾ ਹਲਕੇ ਵਿੱਚ ਕੁੱਲ 14 ਉਮੀਦਵਾਰ ਮੈਦਾਨ ਵਿੱਚ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ ਵਿਖੇ 13 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਜਦੋਂ ਕਿ ਬਰਨਾਲਾ ਹਲਕੇ ਵਿੱਚ 14 ਉਮੀਦਵਾਰ ਮੈਦਾਨ ਵਿੱਚ ਹਨ। ਐਸਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ 16 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ।

ਸਭ ਤੋਂ ਵੱਧ ਵੋਟਿੰਗ ਗਿੱਦੜਬਾਹਾ ਵਿੱਚ ਹੋਈ

20 ਨਵੰਬਰ ਨੂੰ ਚਾਰ ਸੀਟਾਂ ‘ਤੇ ਕੁੱਲ 63.91 ਫੀਸਦੀ ਵੋਟਿੰਗ ਹੋਈ ਸੀ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 81.90 ਫੀਸਦੀ ਮਤਦਾਨ ਹੋਇਆ। ਚੱਬੇਵਾਲ ਵਿੱਚ ਸਭ ਤੋਂ ਘੱਟ 53.43 ਫੀਸਦੀ ਵੋਟਿੰਗ ਹੋਈ। ਇੱਥੇ ਔਰਤਾਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ ਹਨ। ਇੱਥੇ 42,591 ਔਰਤਾਂ ਅਤੇ 42,585 ਮਰਦਾਂ ਨੇ ਵੋਟ ਪਾਈ। ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਅਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ ਸੀ।