Punjab

ਪੰਜਾਬ ਦਾ ਬਜਟ 8 ਮਾਰਚ ਨੂੰ ਹੋਵੇਗਾ ਪੇਸ਼, ਪੰਜਾਬ ਮੰਤਰੀ ਮੰਡਲ ਨੇ ਕਈ ਅਹਿਮ ਫੈਸਲਿਆਂ ‘ਤੇ ਲਾਈ ਮੋਹਰ

‘ਦ ਖ਼ਾਲਸ ਬਿਊਰੋ :- ਪੰਜਾਬ ਮੰਤਰੀ ਮੰਡਲ ਨੇ ਪੰਜਾਬ ਦਾ ਬਜਟ 8 ਮਾਰਚ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 8 ਮਾਰਚ ਨੂੰ ਸੂਬੇ ਦਾ ਬਜਟ ਪੇਸ਼ ਕਰਨਗੇ। ਵਿਧਾਨ ਸਭਾ ਦਾ ਬਜਟ ਸੈਸ਼ਨ ਪਹਿਲੀ ਮਾਰਚ ਤੋਂ 10 ਮਾਰਚ ਤੱਕ ਸੱਦਣ ਦਾ ਵੀ ਫੈਸਲਾ ਲਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਗਈ ਹੈ।

ਮੌੜ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੂੰ ਚਾਰ ਸਾਲਾਂ ਬਾਅਦ ਨੌਕਰੀਆਂ ਦੇਣ, ਵੱਖ-ਵੱਖ ਵਿਭਾਗਾਂ ਲਈ 1875 ਅਸਾਮੀਆਂ ਦੀ ਸਿਰਜਣਾ ਕਰਨ, ਮੁਹਾਲੀ ਵਿੱਚ ਨਿੱਜੀ ਯੂਨੀਵਰਸਿਟੀ ਖੋਲ੍ਹਣ, ਇੰਡੀਅਨ ਪਾਰਟਨਰਸ਼ਿਪ ਐਕਟ, 1932 ਵਿੱਚ ਸੋਧ ਨੂੰ ਮਨਜ਼ੂਰੀ ਦੇਣ, ‘ਮਿਸ਼ਨ ਲਾਲ ਲਕੀਰ’ ਨੂੰ ਸਾਰੇ ਪਿੰਡਾਂ ਵਿੱਚ ਲਾਗੂ ਕਰਨ ਨੂੰ ਮਨਜ਼ੂਰੀ, ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਕਬਜ਼ੇ ਹੇਠਲੀਆਂ ਜ਼ਮੀਨਾਂ ਅਲਾਟ ਕਰਨ,   ਵਿੱਤੀ ਜਵਾਬਦੇਹੀ ਅਤੇ ਬਜਟ ਪ੍ਰਬੰਧਨ ਐਕਟ 2003 ਵਿੱਚ ਸੋਧ ਕਰਨ ਅਤੇ ਏਡੀਸੀ ਸ਼ਹਿਰੀ ਵਿਕਾਸ ਦੀਆਂ 22 ਨਵੀਆਂ ਅਸਾਮੀਆਂ ਕਾਇਮ ਕਰਨ ਨੂੰ ਵੀ ਪ੍ਰਵਾਨਗੀ ਆਦਿ ਸ਼ਾਮਲ ਹਨ।

ਬਜਟ ਇਜਲਾਸ ਦੌਰਾਨ ਪ੍ਰਾਈਵੇਟ ਐਮਿਟੀ ਯੂਨੀਵਰਸਿਟੀ ਦੀ ਸਥਾਪਨਾ ਲਈ ਬਿੱਲ ਸਦਨ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਯੂਨੀਵਰਸਿਟੀ ਆਈਟੀ ਸਿਟੀ, ਮੁਹਾਲੀ ’ਚ ਇਸੇ ਸਾਲ ਕਾਰਜਸ਼ੀਲ ਹੋ ਜਾਵੇਗੀ। ਮੰਤਰੀ ਮੰਡਲ ਨੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਐਕਟ-2016 ਵਿੱਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਕੈਬਨਿਟ ਨੇ ਜੀਐੱਸਟੀ ਫਾਰਮੂਲੇ ਦਾ ਘੇਰਾ ਮੋਕਲਾ ਕਰਨ ਲਈ ਸਨਅਤੀ ਤੇ ਵਪਾਰ ਵਿਕਾਸ ਨੀਤੀ, 2017 ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਜੋ ਇਸ ਨੀਤੀ ਤਹਿਤ 17 ਅਕਤੂਬਰ, 2022 ਤੱਕ ਰਿਆਇਤਾਂ ਹਾਸਲ ਕੀਤੀਆਂ ਜਾ ਸਕਣ। 

ਪੰਜਾਬ ਕੈਬਨਿਟ ਨੇ ਸੂਬੇ ਦੇ ਸਾਰੇ ਪਿੰਡਾਂ ਵਿੱਚ ਮਿਸ਼ਨ ਲਾਲ ਲਕੀਰ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮਿਸ਼ਨ ਤਹਿਤ ਸਵਾਮੀਤੱਵ ਸਕੀਮ ਅਧੀਨ ਭਾਰਤ ਸਰਕਾਰ ਦੇ ਸਹਿਯੋਗ ਨਾਲ ਰਾਜ ਦੇ ਪਿੰਡਾਂ ਵਿੱਚ ਲਾਲ ਲਕੀਰ ਵਿਚਲੀਆਂ ਜਾਇਦਾਦਾਂ ਦਾ ਰਿਕਾਰਡ ਤਿਆਰ ਕੀਤਾ ਜਾਵੇਗਾ। 

ਮੰਤਰੀ ਮੰਡਲ ਨੇ ਅਣ-ਅਧਿਕਾਰਤ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਕਬਜ਼ੇ ਵਾਲੀ ਜ਼ਮੀਨ ਦੀ ਅਲਾਟਮੈਂਟ ਕਰਨ ਲਈ ‘ਦਿ ਪੰਜਾਬ (ਬੇਜ਼ਮੀਨੇ, ਸੀਮਾਂਤ ਅਤੇ ਛੋਟੇ ਕਿਸਾਨਾਂ ਦੀ ਭਲਾਈ ਅਤੇ ਵਿਵਸਥਾ ਕਰਨਾ) ਅਲਾਟਮੈਂਟ ਆਫ਼ ਸਟੇਟ ਗਵਰਨਮੈਂਟ ਲੈਂਡ ਰੂਲਜ਼, 2021’ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।  

ਮੰਤਰੀ ਮੰਡਲ ਵੱਲੋਂ ਕਲੈਰੀਕਲ ਅਮਲੇ ਜਿਵੇਂ ਕਿ ਕਲਰਕ, ਜੂਨੀਅਰ ਸਹਾਇਕ, ਸਟੈਨੋ-ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਜੋ ਕਿ ਮਾਸਟਰ/ਮਿਸਟਰੈਸ ਦੇ ਕਾਡਰ ਵਿੱਚ ਨਾਨ-ਟੀਚਿੰਗ ਸਟਾਫ ਵਜੋਂ ਕੰਮ ਕਰਦੇ ਹਨ, ਨੂੰ 1 ਫੀਸਦੀ ਤਰੱਕੀ ਕੋਟਾ ਮੁਹੱਈਆ ਕੀਤੇ ਜਾਣ ਲਈ ਲੋੜੀਂਦੇ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ਸਟਾਫ ਮੈਂਬਰਾਂ ਨੂੰ ਹੁਣ ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਅਤੇ ਸੀਨੀਅਰ ਲੈਬਾਰੇਟਰੀ ਅਟੈਂਡੈਂਟ ਦੇ ਬਰਾਬਰ ਤਰੱਕੀਆਂ ’ਚ ਕੋਟਾ ਮਿਲੇਗਾ। 

ਮੰਤਰੀ ਮੰਡਲ ਨੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਨਵੀਂ ਵੈੱਬ ਚੈਨਲ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਮੋਹਰੀ ਖ਼ਬਰ ਵੈੱਬ ਚੈਨਲਾਂ ਨੂੰ ਐਮਪੈਨਲ ਕਰਕੇ ਉਨ੍ਹਾਂ ਨੂੰ ਇਸ਼ਤਿਹਾਰ ਜਾਰੀ ਕੀਤੇ ਜਾ ਸਕਣ। ਮੰਤਰੀ ਮੰਡਲ ਵੱਲੋਂ ਐਕਟ ਦੀ ਧਾਰਾ 71 ਅਧੀਨ ਸ਼ਡਿਊਲ-1 ਵਿੱਚ ਫਰਮਾਂ ਦੀ ਰਜਿਸਟ੍ਰੇਸ਼ਨ, ਰਿਕਾਰਡਾਂ ਦੀ ਅਪਡੇਸ਼ਨ, ਨਿਰੀਖਣ ਅਤੇ ਕਾਪੀ ਕਰਨ ਸਬੰਧੀ ਦਰਜ ਵੱਖ-ਵੱਖ ਸੇਵਾਵਾਂ ਲਈ ਫੀਸ ਵਿੱਚ ਸੋਧ ਕਰਨ ਹਿੱਤ ‘ਇੰਡੀਅਨ ਪਾਰਟਨਰਸ਼ਿਪ (ਪੰਜਾਬ ਸੋਧ) ਬਿੱਲ, 2021’ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਮਿਉਂਸਿਪਲ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਏ ਨਤੀਜਿਆਂ ਨੂੰ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਕਿਸਾਨ ਪੱਖੀ ਨੀਤੀਆਂ ’ਤੇ ਲੋਕਾਂ ਦੀ ਮੋਹਰ ਕਰਾਰ ਦਿੱਤਾ ਹੈ। ਵੋਟਰਾਂ ਦਾ ਧੰਨਵਾਦ ਕਰਦਿਆਂ ਕੈਪਟਨ ਅਤੇ ਉਨ੍ਹਾਂ ਦੇ ਵਜ਼ਾਰਤੀ ਸਾਥੀਆਂ ਨੇ ਕੈਬਨਿਟ ਮੀਟਿੰਗ ਵਿੱਚ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮਤਾ ਪਾਸ ਕੀਤਾ। ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਸੁਨੀਲ ਜਾਖੜ ਦੀ ਅਗਵਾਈ ਵਿੱਚ ਸਬੰਧਤ ਜ਼ਿਲ੍ਹਿਆਂ ਅਤੇ ਹਲਕਿਆਂ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕੀਤਾ।