The Khalas Tv Blog Punjab ਪੰਜਾਬ ਬਜਟ ਸੈਸ਼ਨ- ਸੁਖਪਾਲ ਖਹਿਰਾ ਦੀ ਪੋਸਟ ਨੂੰ ਲੈ ਕੇ ਵਿਧਾਨ ਸਭਾ ’ਚ ਹੰਗਾਮਾ
Punjab

ਪੰਜਾਬ ਬਜਟ ਸੈਸ਼ਨ- ਸੁਖਪਾਲ ਖਹਿਰਾ ਦੀ ਪੋਸਟ ਨੂੰ ਲੈ ਕੇ ਵਿਧਾਨ ਸਭਾ ’ਚ ਹੰਗਾਮਾ

ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦਾ ਚੌਥਾ ਦਿਨ ਅੱਜ ਹੰਗਾਮੇ ਅਤੇ ਤਿੱਖੀਆਂ ਬਹਿਸਾਂ ਨਾਲ ਸ਼ੁਰੂ ਹੋਇਆ। ਸੈਸ਼ਨ ਦੀ ਸ਼ੁਰੂਆਤ ਪ੍ਰਸ਼ਨ ਕਾਲ ਨਾਲ ਹੋਈ, ਜਿੱਥੇ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਮੁੱਦੇ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ (‘ਆਪ’) ਵਿਚਕਾਰ ਜ਼ਬਰਦਸਤ ਬਹਿਸ ਹੋਈ।

ਕਾਂਗਰਸ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਵਾਲ ਉਠਾਇਆ ਕਿ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜਾਂ ਬਾਰੇ ਪੁੱਛਿਆ ਸੀ, ਪਰ ਜਵਾਬ ਵਿੱਚ ਪ੍ਰਾਈਵੇਟ ਕਾਲਜਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਮੈਂ ਸਰਕਾਰੀ ਮੈਡੀਕਲ ਕਾਲਜ ਬਾਰੇ ਪੁੱਛਿਆ ਸੀ, ਪਰ ਉਹ ਪ੍ਰਾਈਵੇਟ ਕਹਿ ਰਹੇ ਹਨ।”

ਸਿਹਤ ਮੰਤਰੀ ਬਲਬੀਰ ਸਿੰਘ ਨੇ ਜਵਾਬ ਵਿੱਚ ਕਿਹਾ ਕਿ ਸਰਕਾਰ ਪ੍ਰਾਈਵੇਟ ਕਾਲਜਾਂ ਨੂੰ ਵੀ ਸਹਾਇਤਾ ਦਿੰਦੀ ਹੈ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਚਾਰ ਸਾਲਾਂ ਵਿੱਚ ਨੌਂ ਮੈਡੀਕਲ ਕਾਲਜ ਬਣਾਏ ਗਏ ਹਨ, ਜਿਨ੍ਹਾਂ ਵਿੱਚ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿੱਚ ਈ.ਐੱਸ.ਆਈ. ਕਾਲਜਾਂ ਵਿੱਚ 50-50 ਸੀਟਾਂ ਵਾਲੇ ਕੋਰਸ ਸ਼ੁਰੂ ਹੋ ਗਏ ਹਨ। ਹੁਸ਼ਿਆਰਪੁਰ ਵਿੱਚ ਕੰਮ 20 ਮਾਰਚ ਨੂੰ ਸ਼ੁਰੂ ਹੋ ਜਾਵੇਗਾ, ਜਦਕਿ ਕਪੂਰਥਲਾ, ਸੰਗਰੂਰ ਅਤੇ ਨਵਾਂਸ਼ਹਿਰ ਵਿੱਚ ਜੂਨ ਤੱਕ ਕੰਮ ਸ਼ੁਰੂ ਹੋਣ ਵਾਲਾ ਹੈ। ਮਲੇਰਕੋਟਲਾ ਵਿੱਚ ਡੀ.ਪੀ.ਆਰ. ਤਿਆਰ ਹੈ ਅਤੇ ਲੁਧਿਆਣਾ ਵਿੱਚ ਜੈਨ ਭਾਈਚਾਰੇ ਵੱਲੋਂ ਇੱਕ ਪ੍ਰਾਈਵੇਟ ਕਾਲਜ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਕਾਲਜਾਂ ਵਿੱਚ 50% ਸੀਟਾਂ ਸਰਕਾਰੀ ਫੀਸਾਂ ‘ਤੇ ਹੋਣੀਆਂ ਚਾਹੀਦੀਆਂ ਹਨ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਵਾਬ ਵਿੱਚ ਕਿਹਾ ਕਿ ਡਾਕਟਰ ਹੋਣ ਦੇ ਬਾਵਜੂਦ ਮੰਤਰੀ ਗਲਤ ਜਾਣਕਾਰੀ ਦੇ ਰਹੇ ਹਨ। ਉਹ ਕਾਲਜ ਜੋ ਉਹ ਦੱਸ ਰਹੇ ਹਨ, ਉਹ ਕੇਂਦਰ ਸਰਕਾਰ ਦੇ ਹਨ ਅਤੇ ਪਿਛਲੀ ਸਰਕਾਰ ਨੇ ਇੱਕ ਵੀ ਨਵਾਂ ਸਰਕਾਰੀ ਮੈਡੀਕਲ ਕਾਲਜ ਨਹੀਂ ਬਣਾਇਆ। ਬਹਿਸ ਇੰਨੀ ਤਿੱਖੀ ਹੋ ਗਈ ਕਿ ਜਦੋਂ ਮੰਤਰੀ ਅਮਨ ਅਰੋੜਾ ਜਵਾਬ ਦੇਣ ਲਈ ਖੜ੍ਹੇ ਹੋਏ ਤਾਂ ਬਾਜਵਾ ਨੇ ਇਤਰਾਜ਼ ਜਤਾਇਆ ਕਿ ਸਿਰਫ਼ ਸਿਹਤ ਮੰਤਰੀ ਹੀ ਜਵਾਬ ਦੇ ਸਕਦਾ ਹੈ, ਕੋਈ ਹੋਰ ਮੰਤਰੀ ਜਾਂ ਪਾਰਟੀ ਪ੍ਰਧਾਨ ਨਹੀਂ। ਸਪੀਕਰ ਨੇ ਸੰਵਿਧਾਨਕ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਰੇ ਮੰਤਰੀ ਕਿਸੇ ਵੀ ਮਾਮਲੇ ਲਈ ਜਵਾਬਦੇਹ ਹਨ ਅਤੇ ਸਰਕਾਰ ਇਕੱਠੇ ਕੰਮ ਕਰਦੀ ਹੈ। ਇਸ ‘ਤੇ ਹੰਗਾਮਾ ਜਾਰੀ ਰਿਹਾ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਬਾਜਵਾ ‘ਤੇ ਅਪਮਾਨਜਨਕ ਭਾਸ਼ਾ ਵਰਤਣ ਦਾ ਦੋਸ਼ ਲਾਇਆ ਅਤੇ ਮੁਆਫ਼ੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 75 ਸਾਲਾ ਵਿਰੋਧੀ ਨੇਤਾ ਨੇ ਅਪਮਾਨਜਨਕ ਸ਼ਬਦ ਵਰਤੇ ਅਤੇ ਲੋਕਾਂ ਨਾਲ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਵਹਾਰ ਨੂੰ ਸਦਨ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਬਾਜਵਾ ਨੂੰ ਮਾਨਸਿਕ ਹਸਪਤਾਲ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ। ਪ੍ਰਸ਼ਨ ਕਾਲ ਤੋਂ ਬਾਅਦ ਜ਼ੀਰੋ ਆਵਰ ਚੱਲ ਰਿਹਾ ਹੈ।

ਖਹਿਰਾ ਦੇ ਦੁਆਲੇ ਹੋਏ ਆਪ ਵਿਧਾਇਕ

ਇਸ ਤੋਂ ਇਲਾਵਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਸੋਸ਼ਲ ਮੀਡੀਆ ਪੋਸਟ ‘ਤੇ ਸਵਾਲ ਉਠਾਏ। ਖਹਿਰਾ ਨੇ ਪੋਸਟ ਵਿੱਚ ਔਰਤਾਂ ਨੂੰ 1,000 ਰੁਪਏ ਲਈ ਗਿੱਦਾ ਪਾਉਣ ਵਾਲੀਆਂ ਕਿਹਾ ਸੀ ਅਤੇ ਸੂਰਮੇ ਜੰਮਣ ਬਾਰੇ ਟਿੱਪਣੀ ਕੀਤੀ ਸੀ। ਚੀਮਾ ਨੇ ਪੁੱਛਿਆ ਕਿ ਅਜਿਹੀਆਂ ਔਰਤਾਂ ਕਿੱਥੋਂ ਲੱਭਣਗੀਆਂ ਅਤੇ ਔਰਤਾਂ-ਦਲਿਤ ਮਹਿਲਾਵਾਂ ਦਾ ਅਪਮਾਨ ਕਰਨ ਵਾਲੀ ਪੋਸਟ ਲਈ ਮੁਆਫ਼ੀ ਮੰਗੀ ਜਾਵੇ।

ਪੰਜਾਬ ਵਿਧਾਨ ਸਭਾ ’ਚ ਖਹਿਰਾ ਖਿਲਾਫ ਨਿੰਦਾ ਮਤਾ ਪੇਸ਼

ਇਸ ਮੁੱਦੇ ‘ਤੇ ਨਿੰਦਾ ਮਤਾ ਪੇਸ਼ ਕੀਤਾ ਗਿਆ। ਸੱਤਾਧਾਰੀ ਧਿਰ ਨੇ “ਹਾਂ” ਵਿੱਚ ਵੋਟ ਪਾਈ ਅਤੇ ਮਤਾ ਪਾਸ ਹੋ ਗਿਆ, ਜਦਕਿ ਵਿਰੋਧੀ ਧਿਰ ਨੇ “ਨਹੀਂ” ਕਹਿਣ ਤੋਂ ਇਨਕਾਰ ਕਰਕੇ ਚੁੱਪ ਰਹੀ। ਅਮਨ ਅਰੋੜਾ ਨੇ ਵਿਰੋਧੀਆਂ ਨੂੰ ਵੋਟ ਪਾਉਣ ਲਈ ਕਿਹਾ ਪਰ ਸਪੀਕਰ ਨੇ ਚੁੱਪ ਨੂੰ ਸਹਿਮਤੀ ਨਾ ਮੰਨਣ ਦਾ ਫੈਸਲਾ ਕੀਤਾ।

ਗਨੀਵ ਕੌਰ ਮਜੀਠੀਆ ਨੇ CM ‘ਤੇ ਲਾਏ ਦੋਸ਼

ਅਕਾਲੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਮੁੱਖ ਮੰਤਰੀ ‘ਤੇ ਦੋਸ਼ ਲਾਏ ਕਿ ਉਨ੍ਹਾਂ ਨੇ ਉਨ੍ਹਾਂ ਦਾ ਨਾਮ ਲੈ ਕੇ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਕਿ “ਭਾਬੀ” ਕਹਿਣਾ ਔਰਤਾਂ ਦਾ ਸਤਿਕਾਰ ਹੈ ਅਤੇ ਜਿਨ੍ਹਾਂ ਦੇ ਪੁੱਤਰ ਮੁਕਾਬਲੇ ਵਿੱਚ ਮਾਰੇ ਜਾਂਦੇ ਹਨ, ਉਹ ਵੀ ਮਾਵਾਂ ਦੇ ਪੁੱਤਰ ਹਨ। ‘ਆਪ’ ਦੀਆਂ ਮਹਿਲਾ ਵਿਧਾਇਕਾਂ ਨਾਲ ਉਨ੍ਹਾਂ ਦੀ ਗਰਮਾ-ਗਰਮ ਬਹਿਸ ਹੋਈ।

 

 

Exit mobile version