ਬਿਉਰੋ ਰਿਪੋਰਟ : ਅਕਾਲੀ ਦਲ (Akali dal) ਨਾਲ ਗਠਜੋੜ ਨੂੰ ਲੈਕੇ ਪੰਜਾਬ BSP ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ (Jasvir singh Gari) ਨੇ ਯੂ-ਟਰਨ ਮਾਰ ਲਿਆ ਹੈ। ਕੱਲ ਤੱਕ ਗਠਜੋੜ ਖਤਮ ਹੋਣ ਦਾ ਇਸ਼ਾਰਾ ਕਰਨ ਵਾਲੇ ਸੂਬਾ ਪਾਰਟੀ ਪ੍ਰਧਾਨ ਗੜ੍ਹੀ ਹੁਣ ਅਕਾਲੀ ਦਲ ਨਾਲ ਗਠਜੋੜ ਮਜ਼ਬੂਤ ਹੋਣ ਦਾ ਦਾਅਵਾ ਕਰ ਰਹੇ ਹਨ। ਸਿਰਫ਼ ਇੰਨਾਂ ਹੀ ਨਹੀਂ ਗੜ੍ਹੀ ਨੇ ਕਿਹਾ ਜਲਦ ਦੀ ਦੋਵਾਂ ਪਾਰਟੀਆਂ ਦੇ ਮੁਖੀ ਸੀਟ ਸ਼ੇਅਰਿੰਗ ਨੂੰ ਲੈਕੇ ਗੱਲਬਾਤ ਸ਼ੁਰੂ ਕਰਨਗੇ। ਉਨ੍ਹਾਂ ਨੇ BSP ਸੁਪ੍ਰੀਮੋ ਮਾਇਆਵਤੀ (Mayawati) ਵੱਲੋਂ 2024 ਦੀਆਂ ਲੋਕਸਭਾ ਚੋਣਾਂ ਵਿੱਚ ਕਿਸੇ ਨਾਲ ਗਠਜੋੜ ਨਾ ਕਰਨ ਦੇ ਬਿਆਨ ‘ਤੇ ਵੀ ਸਫਾਈ ਦਿੱਤੀ ਹੈ। ਉਧਰ ਗੜ੍ਹੀ ਦੇ ਨਵੇਂ ਬਿਆਨ ‘ਤੇ ਅਕਾਲੀ ਦਲ ਨੇ ਵੀ ਜਵਾਬ ਦਿੱਤਾ ਹੈ ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਗੜ੍ਹੀ ਦੇ ਬਿਆਨ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਾਡੇ ਮਨ ਵਿੱਚ ਉਨ੍ਹਾਂ ਖਿਲਾਫ ਕੋਈ ਗਲਤ ਵਿਚਾਰ ਨਹੀਂ ਸੀ। ਅਸੀਂ ਆਪਣਾ ਗਠਜੋੜ ਦਾ ਧਰਮ ਨਿਭਾ ਰਹੇ ਹਾਂ।
ਪਿਛਲੇ ਹਫ਼ਤੇ ਹੀ ਜਸਬੀਰ ਸਿੰਘ ਗੜ੍ਹੀ ਨੇ ਅਕਾਲੀ ਦਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ ਹੈ । ਅਕਾਲੀ ਬੀਜੇਪੀ ਨਾਲ ਗਠਜੋੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਹੁਣ ਕਹਿੰਦੇ ਹਨ ਕਿ ਮੈਂ ਸਿਰਫ ਇਹ ਦੱਸਿਆ ਸੀ ਕਿ ਅਮਲੀ ਤੌਰ ‘ਤੇ ਗਠਜੋੜ ਕੰਮ ਨਹੀਂ ਕਰ ਰਿਹਾ ਸੀ। ਮੈਂ ਚਾਹੁੰਦਾ ਸੀ ਕਿ ਪਾਰਟੀ ਦਾ ਕੇਡਰ ਸਾਰੇ 13 ਹਲਕਿਆਂ ਵਿੱਚ ਸਰਗਰਮ ਰਹਿਣ। ਇਸ ਦੇ ਲਈ ਮੈਂ ਪਹਿਲਾਂ ਹੀ ਸਾਰੀਆਂ 13 ਸੀਟਾਂ ਦਾ ਦੌਰਾ ਕਰ ਰਿਹਾ ਹਾਂ ਅਤੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਮਿਲ ਰਿਹਾ ਹਾਂ। ਗੜ੍ਹੀ ਨੂੰ ਜਦੋਂ ਪੁੱਛਿਆ ਗਿਆ ਕਿ ਜੇਕਰ ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਹੋ ਜਾਂਦਾ ਹੈ ਤਾਂ ਉਨ੍ਹਾਂ ਕੀ ਸਟੈਂਡ ਰਹੇਗਾ ਤਾਂ ਪੰਜਾਬ BSP ਦੇ ਪ੍ਰਧਾਨ ਨੇ ਕਿਾਹ ਤਾਂ ਅਸੀਂ ਆਪਣੀ ਰਣਨੀਤੀ ‘ਤੇ ਵਿਚਾਰ ਕਰਾਂਗੇ।
ਪੰਜਾਬ BSP ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਆਲਾ ਆਗੂਆਂ ਦੇ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ । ਗੜ੍ਹੀ ਨੇ ਦੱਸਿਆ ਕਿ BSP ਸੁਪ੍ਰੀਮੋ ਨੇ INDIA ਗਠਜੋੜ ਵਿੱਚ ਨਾ ਸ਼ਾਮਲ ਹੋਣ ਦਾ ਬਿਆਨ ਦਿੱਤਾ ਸੀ ਜਦਕਿ ਵੱਖ-ਵੱਖ ਸੂਬਿਆਂ ਵਿੱਚ ਖੇਤਰੀ ਪਾਰਟੀਆਂ ਦੇ ਨਾਲ ਉਨ੍ਹਾਂ ਦਾ ਗਠਜੋੜ ਜਾਰੀ ਰਹੇਗਾ।