ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਪੰਜਾਬ ਬੀਜੇਪੀ ਦੀ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਭਵਿੱਖ ਦੀ ਸਿਆਸਤ ਨੂੰ ਲੈਕੇ ਕਈ ਅਹਿਮ ਫੈਸਲੇ ਲਏ ਗਏ ਹਨ । ਜਿਸ ਵਿੱਚ ਪਹਿਲੇ ਨੰਬਰ ‘ਤੇ ਕਿਸਾਨੀ ਮੁੱਦਾ ਸੀ । ਮੀਟਿੰਗ ਤੋਂ ਬਾਅਦ ਸੂਬਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ।
ਜਾਖੜ ਨੇ ਕਿਹਾ ਲੋਕਾਂ ਨੇ ਸਾਨੂੰ 18 ਫੀਸਦੀ ਵੋਟ ਦੇ ਕੇ ਵਿਰੋਧੀ ਧਿਰ ਦੇ ਰੂਪ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਹੈ,ਪਾਰਟੀ ਹੁਣ ਪੂਰੀ ਤਰ੍ਹਾਂ ਇਹ ਰੋਲ ਅਦਾ ਕਰਨ ਲਈ ਤਿਆਰ ਹੈ । ਕਾਰਜਕਾਰਨੀ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਹੈ ਕਿ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਅਤੇ ਰਵਨੀਤ ਬਿੱਟੂ ਦੋਵੇ ਕੇਂਦਰ ਦੇ ਨਾਲ ਪੰਜਾਬ ਦੇ ਉਨ੍ਹਾਂ ਮੁੱਦਿਆਂ ‘ਤੇ ਗੱਲ ਕਰਨਗੇ ਜਿੰਨਾਂ ਨੂੰ ਅਧਾਰ ਬਣਾ ਕੇ ਪੰਜਾਬ ਵਿੱਚ ਪਾਰਟੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
ਜਾਖੜ ਨੇ ਕਿਹਾ ਅਸੀਂ ਪਿੰਡਾਂ ਵਿੱਚ ਜਾਕੇ ਸਿੱਧਾ ਕਿਸਾਨਾਂ ਨਾਲ ਗੱਲ ਕਰਾਂਗੇ । ਸਿਰਫ਼ ਇੰਨਾ ਹੀ ਨਹੀਂ ਜਾਖੜ ਨੇ ਕਿਹਾ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਾਰਿਆਂ ਨੇ ਮੰਨਿਆ ਕਿ ਖੇਤੀ ਕਾਨੂੰਨ ਬਣਾਉਣ ਵੇਲੇ ਕਿਸਾਨਾਂ ਨਾਲ ਗੱਲ ਕਰਨੀ ਜ਼ਰੂਰੀ ਸੀ ਪਰ ਉਨ੍ਹਾਂ ਨਾਲ ਵਿਚਾਰ ਨਹੀਂ ਕੀਤਾ ਗਿਆ ਅਸੀਂ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਭਰੋਸੇ ਵਿੱਚ ਲਿਆ ਜਾਵੇ ।
ਜਾਖੜ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ,ਖੇਤੀ ਅਰਥਸ਼ਾਸਤਰੀਆਂ ਨਾਲ ਮਿਲ ਕੇ ਕਿਸਾਨਾ ਦੀ ਪਰੇਸ਼ਾਨੀਆਂ ਦਾ ਹੱਲ ਕੱਢੇ ਇਸ ਦੌਰਾਨ ਜਾਖੜ ਨੇ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਨੂੰ ਅਖੌਤੀ ਆਗੂ ਦੱਸ ਦੇ ਹੋਏ ਆਮ ਆਦਮੀ ਪਾਰਟੀ ਦੇ ਹਮਾਇਤੀ ਵੀ ਦੱਸਿਆ ।
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਸਾਡਾ ਪੰਜਾਬ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਅਤੇ ਸਾਨੂੰ ਲੋਕਾਂ ਨੇ ਉਭਰਦੀ ਹੋਈ ਧਿਰ ਵਜੋਂ ਵੋਟ ਦੇਕੇ ਅਹਿਮ ਸੁਨੇਹਾ ਦਿੱਤਾ ਹੈ । ਅਸੀਂ ਉੜੀਸਾ,ਆਂਧਰਾ,ਤ੍ਰਿਪੁਰਾ ਅਤੇ ਅਸਾਮ ਵਰਗੇ ਉਨ੍ਹਾਂ ਸੂਬਿਆਂ ਵਿੱਚ ਸਰਕਾਰ ਬਣਾਈ ਜਿੱਥੇ ਸਾਡਾ ਵਜੂਦ ਨਹੀਂ ਹੁੰਦਾ ਸੀ । ਬਿੱਟੂ ਨੇ ਕਾਂਗਰਸ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਅਸੀਂ ਲਗਾਤਾਰ ਤੀਜੀ ਵਾਰ 240 ਸੀਟਾਂ ਜਿੱਤ ਕੇ ਸਰਕਾਰ ਬਣਾਈ ਹੈ । ਕਾਂਗਰਸ ਨੂੰ ਪਿਛਲੀਆਂ 3 ਚੋਣਾਂ ਵਿੱਚ ਇੰਨੀਆਂ ਸੀਟਾਂ ਨਹੀਂ ਮਿਲਿਆ ਹਨ । ਡਰੱਗ ਅਤੇ ਲਾਅ ਐਂਡ ਆਰਡਰ ਵਰਗੇ ਮੁੱਦਿਆਂ ‘ਤੇ ਅਸੀਂ ਕੰਮ ਕਰਾਂਗੇ ।