Lok Sabha Election 2024 Punjab

ਲੋਕ ਸਭਾ ਚੋਣਾਂ ’ਚ ਹਾਰ ’ਤੇ ਮੰਥਨ ਕਰ ਰਹੀ ਭਾਜਪਾ! ਜਾਖੜ ਕਰ ਰਹੇ ਬੈਠਕਾਂ ਦੀ ਅਗਵਾਈ

ਸਾਰੀਆਂ ਲੋਕ ਸਭਾ ਸੀਟਾਂ ਹਾਰਨ ਤੋਂ ਬਾਅਦ ਪੰਜਾਬ ਭਾਜਪਾ ਅੱਜ ਸਾਰੀਆਂ ਸੀਟਾਂ ਦੀ ਸਮੀਖਿਆ ਕਰ ਰਹੀ ਹੈ। ਅੱਜ ਸ਼ਨੀਵਾਰ 15 ਜੂਨ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੰਡੀਗੜ੍ਹ ਸਥਿਤ ਪਾਰਟੀ ਦੇ ਪੰਜਾਬ ਪ੍ਰਦੇਸ਼ ਦਫ਼ਤਰ ਵਿਖੇ ਦਿਨ ਭਰ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾਣੀਆਂ ਹਨ।

ਮੀਟਿੰਗ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਹਨ। ਮੀਟਿੰਗ ਵਿੱਚ ਜਿਨ੍ਹਾਂ ਸੀਟਾਂ ‘ਤੇ ਭਾਜਪਾ ਹਾਰੀ ਹੈ ਅਤੇ ਜਿਨ੍ਹਾਂ ਸੀਟਾਂ ‘ਤੇ ਵੋਟ ਪ੍ਰਤੀਸ਼ਤ ਵਧੀ ਹੈ, ਉਨ੍ਹਾਂ ‘ਤੇ ਵੀ ਚਰਚਾ ਕੀਤੀ ਜਾ ਰਹੀ ਹੈ।

ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਦੱਸਿਆ ਕਿ ਮੀਟਿੰਗਾਂ ਦੀ ਪ੍ਰਧਾਨਗੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਕਰਨਗੇ। ਇਨ੍ਹਾਂ ਬੈਠਕਾਂ ਵਿੱਚ ਪਾਰਟੀ ਦੇ ਸੂਬਾ ਇੰਚਾਰਜ ਵਿਜੇ ਰੂਪਾਨੀ, ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ ਅਤੇ ਸੂਬਾ ਜਨਰਲ ਸਕੱਤਰ ਮੰਥਾਰੀ ਸ੍ਰੀਨਿਵਾਸੂਲੂ ਵੀ ਮੌਜੂਦ ਰਹਿਣਗੇ।

ਉਪ-ਚੋਣਾਂ ਅਤੇ ਨਗਰ ਨਿਗਮ ਚੋਣਾਂ ਲਈ ਵੀ ਬਣਾਈ ਜਾਵੇਗੀ ਰਣਨੀਤੀ

ਰਾਕੇਸ਼ ਰਾਠੌਰ ਨੇ ਦੱਸਿਆ ਕਿ ਮੀਟਿੰਗ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ, ਲੋਕਲ ਬਾਡੀ ਚੋਣਾਂ ਤੋਂ ਇਲਾਵਾ ਹੋਰ ਮੁੱਦਿਆਂ ’ਤੇ ਵੀ ਚਰਚਾ ਕਰਕੇ ਰਣਨੀਤੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 11 ਵਜੇ ਸਾਰੇ ਲੋਕ ਸਭਾ ਉਮੀਦਵਾਰਾਂ ਦੀ ਮੀਟਿੰਗ ਰੱਖੀ ਗਈ ਹੈ। ਦੁਪਹਿਰ ਬਾਅਦ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲਬਾਤ ਹੋਵੇਗੀ।

ਦੁਪਹਿਰ 3 ਵਜੇ ਹੋਵੇਗੀ ਸਾਂਝੀ ਮੀਟਿੰਗ

ਰਾਕੇਸ਼ ਰਾਠੌਰ ਨੇ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਸਾਂਝੀ ਮੀਟਿੰਗ ਹੋਵੇਗੀ, ਜਿਸ ਵਿੱਚ ਕੋਰ ਕਮੇਟੀ ਮੈਂਬਰ, ਲੋਕ ਸਭਾ ਇੰਚਾਰਜ ਤੇ ਸਹਿ-ਇੰਚਾਰਜ, ਲੋਕ ਸਭਾ ਕਨਵੀਨਰ ਤੇ ਕੋ-ਕਨਵੀਨਰ ਹਿੱਸਾ ਲੈਣਗੇ। ਇਸ ਤੋਂ ਬਾਅਦ ਸ਼ਾਮ 5 ਵਜੇ ਸੂਬਾ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ।

ਰਾਕੇਸ਼ ਰਾਠੌਰ ਨੇ ਕਿਹਾ ਕਿ ਪਾਰਟੀ ਲੋਕਲ ਬਾਡੀ ਚੋਣਾਂ ਅਤੇ 10 ਜੁਲਾਈ ਨੂੰ ਹੋਣ ਵਾਲੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਉਪ ਚੋਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਵੋਟ ਸ਼ੇਅਰ ਵਧੀ ਹੈ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ।

ਇਹ ਵੀ ਪੜ੍ਹੋ – ਛੱਤੀਸਗੜ੍ਹ ’ਚ ਨਕਸਲੀਆਂ ਨਾਲ ਵੱਡਾ ਮੁਕਾਬਲਾ! 8 ਨਕਸਲੀ ਢੇਰ, ਇੱਕ ਜਵਾਨ ਸ਼ਹੀਦ