ਬੀਜੇਪੀ ਆਗੂ ਵਿਜੇ ਸਾਂਪਲਾ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸਪਸ਼ਟ ਕੀਤਾ ਹੈ ਕਿ ਉਹ ਭਾਜਪਾ ਨਾਲ ਨਾਰਾਜ਼ ਨਹੀਂ ਹਨ ਤੇ ਉਹ ਕਿਸੇ ਵੀ ਪਾਰਟੀ ਵਿੱਚ ਨਹੀਂ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਤੋਂ ਕਈ ਸਵਾਲਾਂ ਦੇ ਜਵਾਬ ਮੰਗੇ ਹਨ। ਪਾਰਟੀ ਨੇ ਮੇਰੇ ਨਾਲ ਬਹੁਤ ਵਾਅਦੇ ਕੀਤੇ ਸਨ, ਮੈਨੂੰ ਚੋਣ ਲੜਾਉਣ ਦਾ ਵਾਅਦਾ ਕੀਤਾ ਗਿਆ ਸੀ। ਵਿਜੇ ਸਾਂਪਲਾ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਦੇ ਕਹਿਣ ’ਤੇ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਦਾ ਜਵਾਬ ਮੰਗ ਰਹੇ ਕਿ ਉਨ੍ਹਾਂ ਕੋਲੋਂ ਪਾਰਟੀ ਨੇ ਅਸਤੀਫ਼ਾ ਕਿਉਂ ਲਿਆ?
ਸਾਂਪਲਾ ਨੇ ਵਿਰੋਧੀ ਪਾਰਟੀਆਂ ’ਤੇ ਇਲਜ਼ਾਮ ਵੀ ਲਾਇਆ ਹੈ ਕਿ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਤੇ ਝੂਠੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਨੇ ਸਪੱਸ਼ਟ ਕੀਤਾ ਜੇ ਉਨ੍ਹਾਂ ਨੇ ਮੰਤਰੀ ਦੇ ਅਹੁਦੇ ਉੱਤੇ ਰਹਿੰਦੇ ਹੋਏ ਕੋਈ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ, ਆਪਣੀ ਹਰ ਗ਼ਲਤੀ ਦੀ ਸਜ਼ਾ ਭੁਗਤਣ ਲਈ ਉਹ ਤਿਆਰ ਹਨ।
ਦਰਅਸਲ ਪੰਜਾਬ ਭਾਜਪਾ ਇੰਚਾਰਜ ਵਿਜੇ ਰੁਪਾਣੀ ਹੁਸ਼ਿਆਰਪੁਰ ਵਿੱਚ ਬੀਜੇਪੀ ਦੇ ਟਕਸਾਲੀ ਲੀਡਰ ਵਿਜੇ ਸਾਂਪਲਾ ਨੂੰ ਮਨਾਉਣ ਉਨ੍ਹਾਂ ਦੇ ਘਰ ਪੁੱਜੇ ਸਨ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਉਨ੍ਹਾਂ ਨਾਲ ਮੌਜੂਦ ਸਨ। ਭਾਜਪਾ ਹਾਈ ਕਮਾਂਡ ਹਫ਼ਤੇ ’ਚ ਦੂਜੀ ਵਾਰ ਵਿਜੇ ਸਾਂਪਲਾ ਨੂੰ ਮਨਾਉਣ ਲਈ ਪਹੁੰਚੀ। ਬੰਦ ਕਮਰੇ ਵਿੱਚ ਮੀਟਿੰਗ ਕੀਤੀ ਗਈ ਹੈ। ਅੱਜ ਸਾਂਪਲਾ ਨੂੰ ਮਨਾਉਣ ਦੀ ਇਹ ਦੂਜੀ ਮੁਲਾਕਾਤ ਹੈ।
ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਕਈ ਦਿੱਗਜ ਲੀਡਰ ਵਿਜੇ ਸਾਂਪਲਾ ਨੂੰ ਮਨਾਉਣ ਲਈ ਉਨ੍ਹਾਂ ਦੇ ਗ੍ਰਹਿ ਪੁੱਜੇ ਸਨ। ਕੁਝ ਦਿਨ ਪਹਿਲਾਂ ਵੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਂਪਲਾ ਦੇ ਘਰ ਪਹੁੰਚੇ ਸਨ। ਕਰੀਬ ਡੇਢ ਘੰਟਾ ਚੱਲੀ ਬੰਦ ਕਮਰਾ ਮੀਟਿੰਗ ਤੋਂ ਬਾਅਦ ਜਾਖੜ ਨੇ ਦਾਅਵਾ ਕੀਤਾ ਸੀ ਕਿ ਸਾਂਪਲਾ ਦੀ ਨਾਰਾਜ਼ਗੀ ਦੂਰ ਹੋ ਗਈ ਹੈ।
ਪਹਿਲਾਂ ਖ਼ਬਰਾਂ ਆਈਆਂ ਸਨ ਕਿ ਵਿਜੇ ਸਾਂਪਲਾ ਭਾਜਪਾ ਛੱਡ ਕੇ ਕੋਈ ਹੋਰ ਪਾਰਟੀ ਦਾ ਹੱਥ ਫੜ ਸਕਦੇ ਹਨ, ਪਰ ਹਾਲੇ ਤਕ ਉਹ ਗੱਲ ਕਿਸੇ ਬੰਨੇ ਨਹੀਂ ਲਾ ਸਕੇ। ਸੋ ਭਾਜਪਾ ਲਗਾਤਾਰ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਦਰਅਸਲ ਵਿਜੇ ਸਾਂਪਲਾ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਚੱਲ ਰਹੇ ਹਨ। ਸੋ ਪਾਰਟੀ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੈ।
ਦੱਸ ਦੇਈਏ ਵਿਜੇ ਸਾਂਪਲਾ ਪੰਜਾਬ ਦੇ ਉੱਘੇ ਦਲਿਤ ਆਗੂਆਂ ਵਿੱਚੋਂ ਇੱਕ ਹਨ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਰਹਿ ਚੁੱਕੇ ਹਨ। 2014 ਤੋਂ 2019 ਤੱਕ ਪੰਜਾਬ ਦੀ ਹੁਸ਼ਿਆਰਪੁਰ ਸੀਟ ਤੋਂ ਸੰਸਦ ਮੈਂਬਰ ਰਹੇ। ਲੋਕ ਸਭਾ ਚੋਣਾਂ 2019 ਵਿੱਚ ਉਹ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਦੇ ਦਾਅਵੇਦਾਰ ਸਨ। 2019 ਵਿੱਚ ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਸੋਮਪ੍ਰਕਾਸ਼ ਨੂੰ ਦਿੱਤੀ ਗਈ ਸੀ।
ਇਸ ਵਾਰ ਫਿਰ ਉਨ੍ਹਾਂ ਦੀ ਟਿਕਟ ਕੱਟੀ ਗਈ। ਬੀਜੇਪੀ ਨੇ ਇੱਥੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਦੇ ਦਿੱਤੀ ਜਿਸ ਕਾਰਨ ਸਾਂਪਲਾ ਨਾਰਾਜ਼ ਹੋ ਗਏ।
ਜਦੋਂ ਉਨ੍ਹਾਂ ਨੂੰ ਬੀਜੇਪੀ ਵੱਲੋਂ ਹੁਸ਼ਿਆਰਪੁਰ ਤੋਂ ਟਿਕਟ ਨਹੀਂ ਮਿਲੀ ਤਾਂ ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਆਪਣੇ ਨਾਂ ਦੇ ਮੂਹਰਿਓਂ ‘ਮੋਦੀ ਦਾ ਪਰਿਵਾਰ’ ਹਟਾਇਆ ਤੇ ਫਿਰ ਇੱਕ ਭਾਵੁਕ ਜਿਹਾ ਟਵੀਟ ਪੋਸਟ ਕੀਤਾ ਸੀ। ਉਨ੍ਹਾਂ ਲਿਖਿਆ ਸੀ- “ਰੱਬ ਇੱਕ ਰਸਤਾ ਬੰਦ ਕਰਦਾ ਹੈ ਅਤੇ ਕਈ ਹੋਰ ਖੋਲ੍ਹਦਾ ਹੈ। ਰੱਬ ਨੇ ਮੇਰੇ ਲਈ ਵੀ ਕੋਈ ਰਸਤਾ ਤੈਅ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।”