ਚੰਡੀਗੜ੍ਹ : ਅੰਮ੍ਰਿਤਸਰ ਵਿੱਚ ਗੋਦਾਮ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਤੇਜ਼ ਹੋ ਗਈ ਹੈ। ਭਾਜਪਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੁੱਧਵਾਰ ਨੂੰ ਇੱਕ ਵਫ਼ਦ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਖੁਦਕੁਸ਼ੀ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਸਿਫਾਰਸ਼ ਕਰੇ।
ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਕਤਲ ਸੀ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਤੇ ਮਿਲੀਭੁਗਤ ਦਾ ਇਲਜ਼ਾਮ ਲਗਾਇਆ। ਜਾਖੜ ਨੇ ਦੱਸਿਆ ਕਿ ਤਿੰਨ ਕਾਂਗਰਸੀ ਸੰਸਦ ਮੈਂਬਰਾਂ ਨੇ ਅਜੇ ਤੱਕ ਗਗਨਦੀਪ ਕੇਸ ਨੂੰ ਸੀਬੀਆਈ ਨੂੰ ਸੌਂਪਣ ਵਾਲੀ ਪਟੀਸ਼ਨ ਉੱਤੇ ਦਸਤਖਤ ਨਹੀਂ ਕੀਤੇ ਹਨ। ਉਨ੍ਹਾਂ ਕਿਹਾ, ‘‘ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਲਿਖਤੀ ਰੂਪ ਵਿੱਚ ਦਿਓ, ਅਸੀਂ ਤੁਰੰਤ ਸੀਬੀਆਈ ਨੂੰ ਸੌਂਪ ਦੇਵਾਂਗੇ, ਪਰ ਤਿੰਨ ਦਿਨ ਬੀਤ ਗਏ ਅਤੇ ਤਿੰਨਾਂ ਸੰਸਦ ਮੈਂਬਰਾਂ ਨੇ ਦਸਤਖਤ ਨਾ ਕੀਤੇ।’’
ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ 2021 ਦੇ ਰਾਜਾ ਵੜਿੰਗ ਕੇਸ ਦਾ ਹਵਾਲਾ ਦੇ ਕੇ ਸੀਬੀਆਈ ਜਾਂਚ ਤੋਂ ਬਚ ਰਹੇ ਹਨ। ਉਨ੍ਹਾਂ ਪੁੱਛਿਆ ਕਿ‘‘ਜੇ ਗਗਨਦੀਪ ਕੇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤਾਂ ਰਾਜਾ ਵੜਿੰਗ ਵਾਲੀਆਂ ਖੁਦਕੁਸ਼ੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਲੀਡਰਸ਼ਿਪ ਭਗਵੰਤ ਮਾਨ ਦੀ ਪੈਰੋਲ ’ਤੇ ਕਿਉਂ ਚੱਲ ਰਹੀ ਹੈ?’’
ਜਾਖੜ ਨੇ ਇੱਕ ਗੰਭੀਰ ਇਲਜ਼ਾਮ ਵੀ ਲਗਾਇਆ ਕਿ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੇ ਗਗਨਦੀਪ ਰੰਧਾਵਾ ਨੂੰ ਆਪਣੇ ਦਫ਼ਤਰ ਬੁਲਾ ਕੇ ਉਸਦਾ ਅਪਮਾਨ ਕੀਤਾ ਤੇ ਇਸ ਅਪਮਾਨ ਤੋਂ ਬਾਅਦ ਹੀ ਗਗਨਦੀਪ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਇਸ ਲਈ ਕਾਂਗਰਸ ਨੂੰ ਵੀ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਉਹ ਚੁੱਪ ਹਨ।
ਭਾਜਪਾ ਪ੍ਰਧਾਨ ਨੇ ਚਿਤਾਵਨੀ ਦਿੱਤੀ ਕਿ ਅਸੀਂ ਇਸ ਮਾਮਲੇ ਨੂੰ ਠੰਡਾ ਨਹੀਂ ਪੈਣ ਦੇਵਾਂਗੇ। ਉਨ੍ਹਾਂ ਕਿਹਾ, ‘‘ਅਸੀਂ ਆਪ ਸਾਰੇ ਸੰਸਦ ਮੈਂਬਰਾਂ (ਆਪ ਅਤੇ ਕਾਂਗਰਸ) ਦੇ ਘਰਾਂ ਦਾ ਦੌਰਾ ਕਰਾਂਗੇ। ਜੇਕਰ ਲੋੜ ਪਈ ਤਾਂ ਵਿਰੋਧ ਪ੍ਰਦਰਸ਼ਨ ਵੀ ਕਰਾਂਗੇ ਅਤੇ ਅਮਿਤ ਸ਼ਾਹ ਨੂੰ ਵੀ ਮਿਲਾਂਗੇ।’’ ਉਨ੍ਹਾਂ ਅੱਜ ਸ਼ਾਮ ਤੱਕ ਕਾਂਗਰਸ ਦਾ ਸਟੈਂਡ ਸਾਫ਼ ਹੋਣ ਦੀ ਉਮੀਦ ਜਤਾਈ।ਇਸ ਮਾਮਲੇ ਵਿੱਚ ਭਾਜਪਾ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ ਅਤੇ ਇਸ ਨੂੰ ਰਾਜਨੀਤਿਕ ਲਾਭ ਲਈ ਵਰਤਣ ਵਾਲਿਆਂ ਉੱਤੇ ਲਗਾਤਾਰ ਦਬਾਅ ਬਣਾਈ ਰੱਖਣ ਦੀ ਗੱਲ ਕਰ ਰਹੀ ਹੈ। ਭਾਜਪਾ ਦਾ ਰੁਖ਼ ਸਪੱਸ਼ਟ ਹੈ ਕਿ ਗਗਨਦੀਪ ਰੰਧਾਵਾ ਨੂੰ ਇਨਸਾਫ਼ ਮਿਲਣ ਤੱਕ ਇਹ ਮੁੱਦਾ ਉਠਾਈ ਰੱਖਿਆ ਜਾਵੇਗਾ।

