ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਇੰਚਾਰਜ ਵਿਜੇ ਰੁਪਾਣੀ (PUNJAB BJP INCHARGE VIJAY RUPANI) ਵੱਲੋਂ ਸੱਦੀ ਗਈ ਮੀਟਿੰਗ ਵਿੱਚ ਵੀ ਸੂਬਾ ਪ੍ਰਧਾਨ ਸੁਨੀਲ ਜਾਖੜ (PUNJAB BJP PRESIDENT SUNIL JAKHAR) ਇੱਕ ਵਾਰ ਮੁੜ ਤੋਂ ਨਹੀਂ ਪਹੁੰਚੇ ਹਨ। ਇਸ ’ਤੇ ਰੂਪਾਣੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਜਾਖੜ ਨਿੱਜੀ ਕੰਮ ਦੇ ਲਈ ਦਿੱਲੀ ਵਿੱਚ ਮੌਜੂਦ ਹਨ। ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਸੁਨੀਲ ਜਾਖੜ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ ਉਹ ਅਗਲੀ ਮੀਟਿੰਗ ਵਿੱਚ ਜ਼ਰੂਰ ਹਾਜ਼ਰ ਰਹਿਣਗੇ।
ਪਿਛਲੇ ਹਫਤੇ ਜਦੋਂ ਸੁਨੀਲ ਜਾਖੜ ਬੀਜੇਪੀ ਦੀ ਮੀਟਿੰਗ ਵਿੱਚ ਨਹੀਂ ਪਹੁੰਚੇ ਸਨ ਤਾਂ ਖ਼ਬਰ ਆਈ ਸੀ ਉਨ੍ਹਾਂ ਨੇ ਸੂਬਾ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਰ ਪਾਰਟੀ ਦੇ ਜਨਰਲ ਸਕੱਤਰ ਅਤੇ ਉਨ੍ਹਾਂ ਦੇ ਕਰੀਬੀਆਂ ਨੇ ਇਸ ਨੂੰ ਨਕਾਰ ਦਿੱਤਾ ਸੀ। ਪਰ ਜਾਖੜ ਵੱਲੋਂ ਆਪ ਆਕੇ ਸਥਿਤੀ ਸਾਫ਼ ਨਾ ਕਰਨਾ ਕਿਧਰੇ ਨਾ ਕਿਧਰੇ ਸੰਕੇਤ ਜ਼ਰੂਰ ਦੇ ਰਿਹਾ ਹੈ ਕਿ ਪਾਰਟੀ ਵਿੱਚ ਸਭ ਕੁਝ ਚੰਗਾ ਨਹੀਂ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਜਾਖੜ ਬੀਜੇਪੀ ਦੇ ਕੁਝ ਫੈਸਲਿਆਂ ਤੋਂ ਨਰਾਜ਼ ਹਨ।
ਇਸੇ ਮਹੀਨੇ ਸੁਨੀਲ ਜਾਖੜ,ਵਿਜੇ ਰੁਪਾਣੀ ਅਤੇ ਪੰਜਾਬ ਦੇ ਹੋਰ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਜੇ.ਪੀ ਨੱਡਾ ਨਾਲ ਮੀਟਿੰਗ ਕੀਤੀ ਸੀ ਜਿਸ ਕਿਹਾ ਜਾ ਰਿਹਾ ਹੈ ਕਿ ਜਾਖੜ ਨੇ ਉਨ੍ਹਾਂ ਦੇ ਕੰਮ-ਕਾਜ ਵਿੱਚ ਹੋ ਰਹੀ ਦਖ਼ਲਅੰਦਾਜ਼ੀ ਦੀ ਸ਼ਿਕਾਇਤ ਕਰਦੇ ਹੋਏ ਅਹੁਦੇ ਤੋਂ ਫਾਰਗ ਕਰਨ ਦੀ ਮੰਗ ਕੀਤੀ ਸੀ।
ਇਸ ਤੋਂ ਇਲਾਵਾ ਖ਼ਬਰਾਂ ਇਹ ਵੀ ਹਨ ਕਿ ਰਵਨੀਤ ਬਿੱਟੂ (RAVNEET SINGH BITTU) ਦੇ ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਰਾਜ ਸਭਾ ਭੇਜ ਦਿੱਤਾ ਗਿਆ ਅਤੇ ਮੰਤਰੀ ਵੀ ਬਣਾਇਆ ਗਿਆ। ਜਦਕਿ ਜਾਖੜ ਨੂੰ ਇਹ ਵਾਅਦਾ ਕੀਤਾ ਗਿਆ ਸੀ ਪਰ ਬੀਜੇਪੀ ਨੇ ਇਸ ਨੂੰ ਪੂਰਾ ਨਹੀਂ ਕੀਤਾ।
ਪੰਜਾਬ ਵਿੱਚ ਜਿਸ ਤਰ੍ਹਾਂ ਨਾਲ ਸਿਰ ’ਤੇ ਖੜੀਆਂ ਪੰਚਾਇਤੀ ਚੋਣਾਂ ਅਤੇ 4 ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ, ਇਸ ਦੌਰਾਨ ਪੰਜਾਬ ਬੀਜੇਪੀ ਦੇ ਪ੍ਰਧਾਨ ਦਾ ਮੀਟਿੰਗਾਂ ਤੋਂ ਨਦਾਰਤ ਰਹਿਣਾ ਵੱਡੇ ਸਵਾਲ ਖੜੇ ਕਰ ਰਿਹਾ ਹੈ।