ਚੰਡੀਗੜ੍ਹ (16 ਮਾਰਚ 2026): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਅੱਜ ਸਦਨ ਦੇ ਅੰਦਰ ਅਤੇ ਬਾਹਰ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਗੈਸ ਦੀ ਕਿੱਲਤ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ ਕੀਤਾ, ਉੱਥੇ ਹੀ ਭਾਜਪਾ ਨੇ ਇਸ ਨੂੰ ਸਦਨ ਦੀ ਮਰਿਆਦਾ ਦੇ ਖ਼ਿਲਾਫ਼ ਦੱਸਿਆ ਹੈ।
ਇਸ ਹੰਗਾਮੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ‘ਆਪ’ ਵਿਧਾਇਕਾਂ ਅਤੇ ਮੰਤਰੀਆਂ ਨੇ ਵਿਧਾਨ ਸਭਾ ਦੇ ਬਾਹਰ ਇਜ਼ਰਾਈਲ-ਈਰਾਨ ਜੰਗ ਕਾਰਨ ਪੈਦਾ ਹੋਏ ਗੈਸ ਸੰਕਟ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਵਿਧਾਇਕ ਵਿਰੋਧ ਪ੍ਰਦਰਸ਼ਨ ਵਾਲੇ ‘ਚੋਲੇ’ (ਨਾਅਰੇ ਲਿਖੇ ਹੋਏ ਕੱਪੜੇ) ਪਹਿਨ ਕੇ ਸਦਨ ਦੇ ਅੰਦਰ ਚਲੇ ਗਏ।
ਸਪੀਕਰ ਸਾਹਿਬ, ਤੁਸੀਂ ਇਹ ਸਭ ਕੁਝ ਆਪਣੇ ਸਾਹਮਣੇ ਕਿਵੇਂ ਹੋਣ ਦੇ ਰਹੇ ਹੋ? ਇਹ ਤਾਂ ਸੰਵਿਧਾਨ ਦੀ ਮਰਿਆਦਾ ਦਾ ਸਿੱਧਾ ਕਤਲ ਹੈ। ਤੁਹਾਡੀ ਆਖਿਰ ਕਿਹੜੀ ਮਜਬੂਰੀ ਹੈ ਕਿ ਤੁਸੀਂ ਇਸਨੂੰ ਰੋਕ ਨਹੀਂ ਸਕੇ?
ਵਿਧਾਨ ਸਭਾ ਦੇ ਰੂਲ ਬੁੱਕ ਅਨੁਸਾਰ ਵੀ ਸਦਨ ਦੇ ਅੰਦਰ ਕਿਸੇ ਵੀ ਮੈਂਬਰ ਵੱਲੋਂ ਆਪਣੇ ਸਰੀਰ ‘ਤੇ ਨਾਰੇ ਲਿਖ ਕੇ ਜਾਂ ਪਹਿਨ ਕੇ ਰਾਜਨੀਤਿਕ… pic.twitter.com/uRV7JMT9un
— Ashwani Sharma (मोदी का परिवार) (@AshwaniSBJP) March 16, 2026
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਲਜ਼ਾਮ ਲਾਇਆ ਕਿ ਗੈਸ ਏਜੰਸੀਆਂ ਫ਼ੋਨ ਨਹੀਂ ਚੁੱਕ ਰਹੀਆਂ ਅਤੇ ਲੋਕ ਸਿਲੰਡਰਾਂ ਦੀ ਬੁਕਿੰਗ ਲਈ ਦਰ-ਦਰ ਭਟਕ ਰਹੇ ਹਨ। ਖ਼ੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਮੰਨਿਆ ਕਿ ਸੂਬੇ ਵਿੱਚ ਗੈਸ ਦੀ ਭਾਰੀ ਕਿੱਲਤ ਹੈ ਅਤੇ ਲੋਕ ਲਾਈਨਾਂ ਵਿੱਚ ਲੱਗੇ ਹੋਏ ਹਨ।
ਅਸ਼ਵਨੀ ਸ਼ਰਮਾ ਦੀ ਤਿੱਖੀ ਪ੍ਰਤੀਕਿਰਿਆ
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਸਦਨ ਦੇ ਅੰਦਰ ਹੋਏ ਇਸ ਪ੍ਰਦਰਸ਼ਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸੋਸ਼ਲ ਮੀਡੀਆ ਰਾਹੀਂ ਸਪੀਕਰ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਸਦਨ ਦੇ ਅੰਦਰ ਆਪਣੇ ਸਰੀਰ ’ਤੇ ਨਾਅਰੇ ਲਿਖ ਕੇ ਜਾਂ ਪਹਿਨ ਕੇ ਸਿਆਸੀ ਪ੍ਰਦਰਸ਼ਨ ਕਰਨਾ ਸੰਵਿਧਾਨਕ ਮਰਿਆਦਾ ਅਤੇ ਸੰਸਦੀ ਪਰੰਪਰਾਵਾਂ ਦਾ ਸਿੱਧਾ ਕਤਲ ਹੈ।
ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ ਦੀ ਰੂਲ ਬੁੱਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਪੀਕਰ ਦਾ ਫਰਜ਼ ਹੈ ਕਿ ਉਹ ਸਦਨ ਦੇ ਅਨੁਸ਼ਾਸਨ ਨੂੰ ਬਣਾਈ ਰੱਖਣ, ਪਰ ਅਫ਼ਸੋਸ ਦੀ ਗੱਲ ਹੈ ਕਿ ਸਪੀਕਰ ਦੇ ਸਾਹਮਣੇ ਇਹ ਸਭ ਕੁਝ ਵਾਪਰ ਰਿਹਾ ਹੈ। ਉਨ੍ਹਾਂ ਵਿਰੋਧੀ ਧਿਰ (ਕਾਂਗਰਸ) ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਪਾਰਟੀ ਆਪਣੇ ਆਪ ਨੂੰ ਸੰਵਿਧਾਨ ਦੀ ਰੱਖਵਾਲੀ ਦੱਸਦੀ ਹੈ, ਉਹੀ ਅੱਜ ਖੁੱਲ੍ਹੇਆਮ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਨੁਮਾਇੰਦਿਆਂ ਨੂੰ ਸੂਬੇ ਦੇ ਗੰਭੀਰ ਮੁੱਦਿਆਂ ’ਤੇ ਚਰਚਾ ਕਰਨ ਲਈ ਚੁਣਿਆ ਹੈ, ਨਾ ਕਿ ‘ਰਾਜਨੀਤਿਕ ਸਟੰਟਬਾਜ਼ੀ’ ਲਈ। ਉਨ੍ਹਾਂ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਚੇਅਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਦਨ ਦੀ ਸ਼ਾਲੀਨਤਾ ਨੂੰ ਬਹਾਲ ਕਰਨ ਲਈ ਤੁਰੰਤ ਦਖ਼ਲ ਦੇਣ।

