ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਬਾਰੇ ਅੱਜ ਫੈਸਲਾ ਹੋ ਸਕਦਾ ਹੈ। ਉਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 11 ਵਜੇ ਬੁਲਾਇਆ ਹੈ। ਜਿਸ ਵਿੱਚ ਉਹ ਵਿਧਾਇਕ ਤੋਂ ਉਨ੍ਹਾਂ ਦਾ ਪੱਖ ਜਾਣਨਗੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਸ਼ੀਤਲ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਅਸਤੀਫ਼ਾ ਵਾਪਸ ਲੈਣ ਦੀ ਗੱਲ ਕਹੀ ਸੀ।
ਸਾਲ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਸ਼ੀਤਲ ਅੰਗੁਰਾਲ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤ ਕੇ ਵਿਧਾਇਕ ਬਣੇ ਸਨ। ਪਰ ਉਹ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 27 ਮਾਰਚ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਰ ਵੋਟਿੰਗ ਖ਼ਤਮ ਹੁੰਦੇ ਹੀ ਉਨ੍ਹਾਂ ਅਸਤੀਫ਼ਾ ਵਾਪਸ ਲੈਣ ਲਈ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਦਿੱਤਾ।
ਸ਼ੀਤਲ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਕਿਹਾ, ‘”ਜੇਕਰ ਉਨ੍ਹਾਂ ਦਾ ਅਸਤੀਫ਼ਾ ਹੁਣ ਤੱਕ ਪ੍ਰਵਾਨ ਕਰ ਲਿਆ ਜਾਂਦਾ ਤਾਂ ਪੱਛਮੀ ਹਲਕੇ ’ਚ ਮੁੜ ਚੋਣਾਂ ਕਰਵਾਉਣੀਆਂ ਪਾਣਗੀਆਂ, ਜਿਸ ਨਾਲ ਸਰਕਾਰ ਦਾ ਚੋਣ ਖਰਚਾ ਵਧ ਜਾਣਾ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ।”
ਸੋ ਇਸ ਚਿੱਠੀ ਤੋਂ ਬਾਅਦ ਅੱਜ ਉਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਹੈ।