‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਸਮਾਂ ਵਧਾ ਕੇ 3 ਅਕਤੂਬਰ ਤੱਕ ਕਰ ਦਿੱਤਾ ਹੈ। ਹੁਣ ਇਹ ਸੈਸ਼ਨ 3 ਅਕਤੂਬਰ ਤੱਕ ਚੱਲੇਗਾ। 29 ਅਤੇ 30 ਸਤੰਬਰ ਨੂੰ ਸੈਸ਼ਨ ਦੀ ਕਾਰਵਾਈ ਤੋਂ ਬਾਅਦ 1 ਅਤੇ 2 ਅਕਤੂਬਰ ਨੂੰ ਛੁੱਟੀ ਰਹੇਗੀ ਅਤੇ ਇਸ ਤੋਂ ਬਾਅਦ 3 ਅਕਤੂਬਰ ਨੂੰ ਸੈਸ਼ਨ ਦਾ ਆਖਰੀ ਦਿਨ ਹੋਵੇਗਾ। ਅਜਿਹੇ ‘ਚ ਇਸ ਸੈਸ਼ਨ ‘ਚ ਹੰਗਾਮਾ ਹੋਣ ਦੀ ਵੀ ਸੰਭਾਵਨਾ ਹੈ।
ਹੰਗਾਮੇ ਨਾਲ ਹੋਈ ਸੈਸ਼ਨ ਦੇ ਪਹਿਲੇ ਦਿਨ ਦੀ ਸ਼ੁਰੂਆਤ
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੀ ਹੰਗਾਮੇ ਤੋਂ ਸ਼ੁਰੂਆਤ ਹੋਈ। ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਦਨ ਵਿੱਚ ਭਰੋਸਗੀ ਮਤਾ ਪੇਸ਼ ਕਰਨ ਲੱਗੇ ਤਾਂ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੀ ਮੰਗ ਸੀ ਕਿ ਭਰੋਸਗੀ ਮਤਾ ਨਾ ਲਿਆਂਦਾ ਜਾਵੇ।
ਇਸ ਤੋਂ ਪਹਿਲਾਂ 11 ਵਜੇ ਸੈਸ਼ਨ ਸ਼ੁਰੂ ਹਣ ਵੇਲੇ ਸਭ ਤੋਂ ਪਹਿਲਾਂ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ, ਸਾਬਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਅਗਾਂਹਵਧੂ ਕਿਸਾਨ ਪਦਮਸ਼੍ਰੀ ਜਗਜੀਤ ਸਿੰਘ ਖਾਰਾ,ਉਘੇ ਸਮਾਜ ਸੇਵੀ ਕ੍ਰਿਸ਼ਨ ਦੇਵ ਖੋਸਲਾ,ਜਥੇਦਾਰ ਅਵਤਾਰ ਸਿੰਘ ਹਿੱਤ, ਸਾਬਕਾ ਪੀਸੀਐਸ ਅਧਿਕਾਰੀ ਸ.ਪ੍ਰੀਤਮ ਸਿੰਘ ਕੁੰਮੇਦਾਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੋਨ ਰੱਖਿਆ ਗਿਆ ਤੇ ਕਾਰਵਾਈ 12 ਵਜੇ 15 ਮਿੰਟ ਤੱਕ ਮੁਲਤਵੀ ਕਰ ਦਿੱਤੀ ਗਈ।
ਕਾਂਗਰਸ ਦੇ ਸਾਰੇ ਵਿਧਾਇਕ ਸਸਪੈਂਡ
ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੋਲਣਾ ਸ਼ੁਰੂ ਕੀਤਾ। ਵਿਰੋਧੀ ਧਿਰ ਨੇ ਮੁੜ ਹੰਗਾਮਾ ਸ਼ੁਰੂ ਕਰ ਦਿੱਤਾ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਹਿਲਾਂ ਵਿਰੋਧੀ ਧਿਰ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਉਹ ਹੰਗਾਮਾ ਨਾ ਕਰਨ ਪਰ ਵਿਰੋਧੀ ਧਿਰ ਨੇ ਉਨ੍ਹਾਂ ਦੀ ਅਪੀਲ ਨੂੰ ਨਹੀਂ ਮੰਨਿਆ।
ਇਸ ਮਗਰੋਂ ਕੁਲਤਾਰ ਸਿੰਘ ਸੰਧਵਾ ਨੇ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਮਾਰਸ਼ਲਾਂ ਨੂੰ ਹੁਕਮ ਦਿੱਤਾ ਕਿ ਉਹ ਕਾਂਗਰਸੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢ ਦੇਣ। ਕੁਲਤਾਰ ਸਿੰਘ ਸੰਧਵਾ ਨੇ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ। ਕਾਂਗਰਸ ਦੇ ਸਾਰੇ ਵਿਧਾਇਕ ‘ਪੰਜਾਬ ਸਰਕਾਰ ਮੁਰਦਾਬਾਦ’ ਤੇ ‘ਸਪੀਕਰ ਸਾਹਬ ਮੁਰਦਾਬਾਦ’ ਦੇ ਨਾਅਰੇ ਲਗਾਉਂਦੇ ਹੋਏ ਬਾਹਰ ਚਲੇ ਗਏ।
ਫੇਰ ਉਹੀ ਹੋਇਆ ਜੋ ਸਰਕਾਰ ਦੀ ਮਨਸ਼ਾ ਸੀ
12 ਵਜੇ ਸੈਸ਼ਨ ਮੁੜ ਸ਼ੁਰੂ ਹੋਇਆ ਤਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਾਰਜ ਸਲਾਹਕਾਰ ਕਮੇਟੀ ਦੀ ਰਿਪੋਰਟ ਵਿੱਚ ਦਰਜ ਸਿਫਾਰਸ਼ਾਂ ਨਾਲ ਸਹਿਮਤੀ ਬਾਰੇ ਪ੍ਰਸਤਾਵ ਪੇਸ਼ ਕੀਤਾ। ਭਰੋਸਾ ਮਤੇ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਮੀਟਿੰਗ ਵਿੱਚ ਇਸ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਭਰੋਸਗੀ ਮਤੇ ਨੂੰ ਗ਼ੈਰ-ਸੰਵਿਧਾਨਕ ਦੱਸਿਆ। ਉਨ੍ਹਾਂ ਕਿਹਾ, “ਪੰਜਾਬ ਸਰਕਾਰ ਨੇ ਸਾਫ ਨਹੀਂ ਕੀਤਾ ਸੀ ਕਿ ਉਹ ਭਰੋਸਗੀ ਮਤਾ ਲੈ ਕੇ ਆਉਣਗੇ ਜਾਂ ਨਹੀਂ। ਇਸ ਮਗਰੋਂ ਉਨ੍ਹਾਂ ਨੇ ਪਹਿਲਾਂ ਹੀ ਸ਼ੁਰੂਆਤ ਭਰੋਸਗੀ ਮਤੇ ਨਾਲ ਕੀਤੀ। ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਹ ਦਰਸਾ ਰਹੀ ਹੈ ਕਿ ਉਹ ਰਾਜਪਾਲ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪੰਜਾਬ ਸਰਕਾਰ ਨੇ ਪੂਰੇ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ, ਰਾਜਪਾਲ ਨੂੰ ਗੁੰਮਰਾਹ ਕੀਤਾ ਹੈ। ਇਨ੍ਹਾਂ ਦੇ ਏਜੰਡੇ ਉੱਤੇ ਪਰਾਲੀ ਦਾ ਮੁੱਦਾ ਸੀ, ਜੀਐੱਸਟ ਸਣੇ ਹੋਰ ਮੁੱਦੇ ਸਨ ਪਰ ਭਰੋਸਗੀ ਮਤਾ ਏਜੰਡੇ ਉੱਤੇ ਨਹੀਂ ਸੀ।”
ਭਰੋਸਾ ਮਤਾ ਪੇਸ਼ ਕਰਨ ਵੇਲੇ ਹੋਇਆ ਹੰਗਾਮਾ
ਜਿਵੇਂ ਹੀ ਮੁੱਖ ਮੰਤਰੀ ਪੰਜਾਬ ਨੇ ਭਰੋਸਾ ਮਤਾ ਵਿਧਾਨ ਸਭਾ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ , ਫਿਰ ਤੋਂ ਹੰਗਾਮਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਵਿਧਾਇਕ ਅਮਨ ਅਰੋੜਾ ਨੇ ਵਿਸ਼ਵਾਸ ਮਤੇ ‘ਤੇ ਬੋਲਣਾ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਨੇ ਫਿਰ ਤੋਂ ਹੰਗਾਮਾ ਸ਼ੁਰੂ ਕਰ ਦਿੱਤਾ। ਵਿਧਾਇਕ ਅਮਨ ਅਰੋੜਾ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰਿਆਂ ਨੂੰ ਸ਼ਾਂਤੀ ਨਾਲ ਬੈਠਣ ਦੀ ਅਪੀਲ ਕੀਤੀ ਪਰ ਵਿਰੋਧ ਜਾਰੀ ਰਿਹਾ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਦੇ ਸਮੂਹ ਵਿਧਾਇਕਾਂ ਨੂੰ ਸੈਸ਼ਨ ਤੋਂ ਬਾਹਰ ਕੱਢਣ ਦਾ ਹੁਕਮ ਕੀਤਾ ਤੇ ਵਿਧਾਨ ਸਭਾ ਸੈਸ਼ਨ ਨੂੰ 10 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ।
ਉਗੋਕੇ ਦੇ ਪਿਤਾ ਨੂੰ ਦਿੱਤੀ ਗਈ ਸ਼ਰਧਾਂਜਲੀ
ਇਸ ਤੋਂ ਬਾਅਦ ਜਦੋਂ ਵਿਧਾਨ ਸਭਾ ਦੀ ਬੈਠਕ ਦੁਬਾਰਾ ਸ਼ੁਰੂ ਹੋਈ ਤਾਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੇ ਅਕਾਲ ਚਲਾਣੇ ਉੱਤੇ ਵਿਧਾਨ ਸਭਾ ਵੱਲੋਂ ਪਰਿਵਾਰ ਨੂੰ ਸ਼ੋਕ ਸੰਦੇਸ਼ ਭੇਜਿਆ ਗਿਆ। ਇਸ ਤੋਂ ਇਲਾਵਾ ਨਾਨਕਸ਼ਾਹੀ ਕੈਂਲਡਰ ਤਿਆਰ ਕਰਨ ਵਾਲੇ ਪਾਲ ਸਿੰਘ ਪੁਰੇਵਾਲ ਦੀ ਯਾਦ ਵਿੱਚ ਵੀ ਮੋਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀਂ ਭੇਂਟ ਕੀਤੀ ਗਈ ।
ਵਿਰੋਧੀਆਂ ‘ਤੇ ਵਰ੍ਹੇ ਮੁੱਖ ਮੰਤਰੀ ਮਾਨ
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਪਾਰਟੀਆਂ ਉੱਤੇ ਵਰਦਿਆਂ ਕਿਹਾ ਕਿ ਕਾਂਗਰਸ ਪਹਿਲਾਂ ਆਪਣਾ ਘਰ ਸਾਂਭੇ। ਉਹਨਾਂ ਕਾਂਗਰਸ ਉੱਤੇ ਇਲਜ਼ਾਮ ਲਗਾਇਆ ਕਿ ਆਪਰੇਸ਼ਨ ਲੋਟਸ ਕਾਮਯਾਬ ਹੋਣ ਉੱਤੇ ਕਾਂਗਰਸ ਨੂੰ ਵੀ ਲੁਕਵਾਂ ਫਾਇਦਾ ਹੈ। ਮੁੱਖ ਮੰਤਰੀ ਨੇ ਬੋਲਦਿਆਂ ਕਿਹਾ ਕਿ ਲੋਕਤੰਤਰ ਲੋਕਾਂ ਲਈ ਹੁੰਦਾ ਹੈ, ਵਖਰੇਵੇਂ ਜ਼ਰੂਰੀ ਹਨ ਤੇ ਇੱਕ ਚੰਗਾ ਵਿਰੋਧੀ ਧਿਰ ਹੋਣਾ ਵੀ ਜ਼ਰੂਰੀ ਹੈ।
ਵਿਸ਼ਵਾਸ ਮਤੇ ਉੱਤੇ ਬੋਲਦਿਆਂ ਉਹਨਾਂ ਕਿਹਾ ਕਿ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਲੋਕਾਂ ਦਾ ਵਿਸ਼ਵਾਸ ਸਾਡੇ ਨਾਲ ਹੈ। ਮਾਨ ਨੇ ਤੰਜ ਕਸਦਿਆਂ ਕਿਹਾ ਕਿ ਲੱਗਦਾ ਹੈ ਕਿ ਕਾਂਗਰਸ ਹੁਣ ਵਿਧਾਇਕ ਵੇਚ ਕੇ ਗੁਜ਼ਾਰਾ ਕਰ ਰਹੀ ਹੈ। ਇਹ ਭਾਰਤ ਜੋੜੋ ਅੰਦੋਲਨ ਦੀ ਗੱਲ ਕਰ ਰਹੇ ਹਨ ਪਰ ਰਾਜਸਥਾਨ ਇਹਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ।
ਕਾਂਗਰਸੀਆਂ ਦਾ ਵਿਧਾਨ ਸਭਾ ਦੇ ਬਾਹਰ ਧਰਨਾ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਸੈਸ਼ਨ ਵਿਚ ਵਿਘਨ ਪਾਉਣ ਕਰਕੇ ਕਾਂਗਰਸ ਦੇ ਸਮੂਹ ਮੈਂਬਰਾਂ ਨੂੰ ਵਿਧਾਨ ਸਭਾ ਸੈਸ਼ਨ ਵਿਚੋਂ ਬਾਹਰ ਕੱਢਣ ਦੇ ਹੁਕਮ ਦੇਣ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਆਵਾਜ਼ ਹੀ ਲੋਕਾਂ ਦੀ ਆਵਾਜ਼ ਹੈ ਤੇ ਮਾਨ ਨੇ ਆਮ ਲੋਕਾਂ ਦੇ ਦਿਲ ਦੀ ਹੀ ਗੱਲ ਕੀਤੀ ਹੈ। ਪੰਜਾਬ ਦੇ ਸਾਰੇ ਵਿਧਾਇਕ ਇਕਜੁੱਟ ਹਨ ਤੇ ਮਾਨ ਸਾਹਿਬ ਦੀ ਅਗਵਾਈ ਵਿੱਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਹਨ। ਲੋਕਤੰਤਰ ਨੂੰ ਬਚਾਉਣ ਲਈ ਤੇ ਆਪਣਾ ਬਹੁਮੱਤ ਸਾਬਤ ਕਰਨ ਲਈ ਸਰਕਾਰ ਕੋਲ ਹੱਕ ਹੈ ਕਿ ਉਹ ਭਰੋਸਾ ਮਤਾ ਲਿਆ ਸਕਦੀ ਹੈ। ਭਾਰਤ ਵਿੱਚ ਅਣਗਿਣਤ ਵਾਰ ਇਹ ਮਤਾ ਪੇਸ਼ ਹੋ ਚੁੱਕਾ ਹੈ।
29 ਸਤੰਬਰ ਨੂੰ ਹੋਵੇਗਾ ਵਿਧਾਨ ਸਭਾ ਦੀ ਅਗਲੀ ਬੈਠਕ
ਇਸ ਦਰਨਮਿਆਨ ਪਟਿਆਲਾ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਲੇ ਵਿਧਾਨ ਸਭਾ ਵਿੱਚ ਅਪੀਲ ਕੀਤੀ ਕਿ ਵਿਰੋਧੀ ਧਿਰ ਨੂੰ ਵਾਪਸ ਵਿਧਾਨ ਸਭਾ ਵਿੱਚ ਲਿਆਂਦਾ ਜਾਵੇ ਤਾਂ ਜੋ ਇੱਕ ਚੰਗੀ ਬਹਿਸ ਹੋ ਸਕੇ। ਇਸ ਗੱਲ ਦੀ ਹਾਮੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਭਰੀ,ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਤੇ ਹੁਣ ਵਿਧਾਨ ਸਭਾ ਦੀ ਬੈਠਕ 29 ਸਤੰਬਰ ਨੂੰ ਹੋਵੇਗੀ।
ਨਤੀਜਾ ਉਹੀ ਨਿਕਲਿਆ
ਪੰਜਾਬ ਸਰਕਾਰ ਨੇ ਉਹੀ ਗੱਲ ਪੁਗਾਈ ਜੋ ਰਾਜਪਾਲ ਨੇ 22 ਵਾਲੇ ਸੈਸ਼ਨ ਨੂੰ ਰੱਦ ਕਰਕੇ ਪੁਗਾਉਣ ਨਹੀਂ ਦਿੱਤੀ। ਮੰਗਲਵਾਰ ਦੇ ਇਸ ਇਜਲਾਸ ਵਿੱਚ ਪਰਾਲੀ ਦੀ ਸਮੱਸਿਆ, ਜੀਐੱਸਟੀ ਅਤੇ ਬਿਜਲੀ ਦੇ ਮੁੱਦਿਆਂ ਨੂੰ ਵਿਚਾਰੇ ਜਾਣ ਦੀ ਗੱਲ ਆਖੀ ਜਾ ਰਹੀ ਸੀ। ਹਾਲਾਂਕਿ ਵਿਰੋਧੀ ਧਿਰਾਂ ਨੇ ਮੰਗ ਕੀਤੀ ਸੀ ਕਿ ਇਸ ਸੈਸ਼ਨ ਵਿੱਚ ਪੰਜਾਬ ਦੇ ਹੋਰ ਭਖਦੇ ਮੁੱਦੇ ਵਿਚਾਰੇ ਜਾਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਐੱਸਵਾਈਐੱਲ, ਕਾਨੂੰਨ ਵਿਵਸਥਾ ਅਤੇ ਸਰਕਾਰ ਦੇ ਚੋਣ ਵਾਅਦੇ ਆਦਿ ਸ਼ਾਮਿਲ ਹਨ।
ਚੰਡੀਗੜ੍ਹ ‘ਚ ਭਾਜਪਾ ਦਾ ਲੱਗਾ ਮੌਕ ਸੈਸ਼ਨ
ਭਾਜਪਾ ਵੱਲੋਂ ਚੰਡੀਗੜ੍ਹ ਦੇ ਸੈਕਟਰ 37 ਵਿੱਚ ਮੌਕ ਸੈਸ਼ਨ ਲਗਾਇਆ ਗਿਆ, ਜਿੱਥੇ ਭਾਜਪਾ ਦੇ ਆਗੂ ਮੌਜੂਦ ਹਨ। ਭਾਜਪਾ ਆਗੂ ਫਤਹਿਜੰਗ ਬਾਜਵਾ ਨੇ ਦੱਸਿਆ ਕਿ ਇਹ ਮੌਕ ਸੈਸ਼ਨ ਆਮ ਆਦਮੀ ਪਾਰਟੀ ਵੱਲੋਂ ਫੈਲਾਏ ਜਾ ਰਹੇ ਝੂਠ ਦੇ ਖਿਲਾਫ਼ ਲਿਆਂਦਾ ਗਿਆ ਹੈ। ਭਾਜਪਾ ਆਗੂ ਸੁਰਜੀਤ ਜਿਆਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਥਿਤ ਆਪ੍ਰੇਸ਼ਨ ਲੋਟਸ ਤਹਿਤ ਵਿਧਾਇਕਾਂ ਦੀ ਖਰੀਦੋ-ਫਰੋਤ ਦੇ ਇਲਜ਼ਾਮ ਪੂਰੇ ਤਰੀਕੇ ਨਾਲ ਹਾਸੋ-ਹੀਣੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਹੈ ਤੇ ਇਸ ਲਈ ਉਨ੍ਹਾਂ ਨੇ ਇਹ ਮੌਕ ਸੈਸ਼ਨ ਦਾ ਤਰੀਕਾ ਅਪਣਾਇਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੂਰੀ ਆਮ ਆਦਮੀ ਪਾਰਟੀ ਭਾਜਪਾ ਦੇ ਦੋ ਵਿਧਾਇਕਾਂ ਤੋਂ ਡਰੀ ਹੋਈ ਹੈ। ਉਨ੍ਹਾਂ ਨੇ ਰੋਸ ਜਤਾਇਆ ਹੈ ਕਿ ਕਿਉਂ ਪੰਜਾਬ ਸਰਕਾਰ ਨੇ ਬਿਜ਼ਨਸ ਐਡਵਾਇਜ਼ਰੀ ਕਮੇਟੀ ਵਿੱਚ ਭਾਜਪਾ ਨੂੰ ਨੁਮਾਇੰਦਗੀ ਨਹੀਂ ਦਿੱਤੀ।