Punjab

ਜਲੰਧਰ ’ਚ ਲੜਕੀ ਕਤਲ ਦਾ ਮਾਮਲਾ: ASI ਬਰਖ਼ਾਸਤ, 2 PCR ਮੁਲਾਜ਼ਮ ਮੁਅੱਤਲ

ਬਿਊਰੋ ਰਿਪੋਰਟ (ਜਲੰਧਰ, 27 ਨਵੰਬਰ 2025): ਜਲੰਧਰ ਵਿੱਚ ਜਬਰ-ਜ਼ਨਾਹ ਦੀ ਕੋਸ਼ਿਸ਼ ਤੋਂ ਬਾਅਦ ਹੋਏ ਲੜਕੀ ਦੇ ਕਤਲ ਦੇ ਮਾਮਲੇ ਵਿੱਚ ਗੰਭੀਰ ਲਾਪਰਵਾਹੀ ਵਰਤਣ ਵਾਲੇ ਏ.ਐੱਸ.ਆਈ. ਮੰਗਤ ਰਾਮ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ 2 ਪੀ.ਸੀ.ਆਰ. ਮੁਲਾਜ਼ਮਾਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 22 ਨਵੰਬਰ ਨੂੰ ਵੈਸਟ ਹਲਕੇ ਵਿੱਚ 13 ਸਾਲਾ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਪਰਿਵਾਰ ਵੱਲੋਂ ਥਾਣਾ ਬਸਤੀ ਬਾਵਾ ਖੇਲ ਨੂੰ ਦਿੱਤੀ ਗਈ ਸੀ। ਸਭ ਤੋਂ ਪਹਿਲਾਂ ਮੌਕੇ ’ਤੇ ਏ.ਐੱਸ.ਆਈ. ਮੰਗਤ ਰਾਮ ਹੀ ਪਹੁੰਚੇ ਸਨ। ਉਹ ਘਰ ਦੇ ਅੰਦਰ ਗਏ, ਪਰ ਕਰੀਬ 20 ਮਿੰਟ ਅੰਦਰ ਰਹਿਣ ਤੋਂ ਬਾਅਦ ਪਰਿਵਾਰ ਨੂੰ ਕਿਹਾ ਕਿ ਅੰਦਰ ਕੋਈ ਨਹੀਂ ਹੈ।

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਏ.ਐੱਸ.ਆਈ. ਮੰਗਤ ਰਾਮ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ, ਕਿਉਂਕਿ ਪਰਿਵਾਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਅਧਿਕਾਰੀ ਨੇ ਮਾਮਲੇ ਵਿੱਚ ਵੱਡੀ ਲਾਪਰਵਾਹੀ ਵਰਤੀ ਹੈ।

ਲਾਪਰਵਾਹੀ ਕਾਰਨ ਗਈ ਜਾਨ!

ਜਲੰਧਰ ਵੈਸਟ ਦੇ ਇਲਾਕੇ ਵਿੱਚ 21-22 ਨਵੰਬਰ ਦੀ ਰਾਤ ਨੂੰ 13 ਸਾਲ ਦੀ ਲੜਕੀ ਲਾਪਤਾ ਹੋ ਗਈ ਸੀ। ਜਦੋਂ ਲੋਕਾਂ ਨੇ ਉਸਦੀ ਸਹੇਲੀ ਦੇ ਪਿਤਾ (ਮੁਲਜ਼ਮ) ਹਰਮਿੰਦਰ ਹੈਪੀ ਨੂੰ ਪੁੱਛਿਆ, ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਸ਼ੱਕ ਜਤਾਇਆ ਕਿ ਲੜਕੀ ਮੁਲਜ਼ਮ ਦੇ ਘਰ ਦੇ ਅੰਦਰ ਹੈ।

ਏ.ਐੱਸ.ਆਈ. ਮੰਗਤ ਰਾਮ ਜਾਂਚ ਲਈ ਪਹੁੰਚਿਆ ਅਤੇ 20 ਮਿੰਟ ਅੰਦਰ ਰਿਹਾ। ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਅੰਦਰ ਕੁਝ ਨਾ ਹੋਣ ਦੀ ਗੱਲ ਕਹੀ। ਇਸ ਤੋਂ ਬਾਅਦ ਲੋਕਾਂ ਨੇ ਤਕਰੀਬਨ ਦੋ ਘੰਟੇ ਬਾਅਦ ਜ਼ਬਰਦਸਤੀ ਘਰ ਵਿੱਚ ਦਾਖਲ ਹੋ ਕੇ ਤਲਾਸ਼ੀ ਲਈ ਤਾਂ ਬਾਥਰੂਮ ਵਿੱਚੋਂ ਬੱਚੀ ਦੀ ਲਾਸ਼ ਮਿਲੀ।

ਔਰਤਾਂ ਨੇ ਇਲਜ਼ਾਮ ਲਾਇਆ ਕਿ ਜਦੋਂ ਪੁਲਿਸ ਆਈ ਸੀ, ਤਾਂ ਹੋ ਸਕਦਾ ਹੈ ਕਿ ਬੱਚੀ ਜ਼ਿੰਦਾ ਹੋਵੇ, ਪਰ ਏ.ਐੱਸ.ਆਈ. ਦੀ ਲਾਪਰਵਾਹੀ ਕਾਰਨ ਉਸਦੀ ਜਾਨ ਗਈ। ਏ.ਐੱਸ.ਆਈ. ਮੰਗਤ ਰਾਮ ਨੇ ਮੰਨਿਆ ਸੀ ਕਿ ਉਸ ਨੇ ਘਰ ਦੇ ਕਮਰੇ ਤਾਂ ਚੈੱਕ ਕੀਤੇ ਸਨ, ਪਰ ਬਾਥਰੂਮ ਚੈੱਕ ਨਹੀਂ ਕੀਤਾ, ਜਿੱਥੋਂ ਬੱਚੀ ਦੀ ਲਾਸ਼ ਬਰਾਮਦ ਹੋਈ ਸੀ।