ਬਿਊਰੋ ਰਿਪੋਰਟ (12 ਨਵੰਬਰ, 2025): ਹੁਸ਼ਿਆਰਪੁਰ ਵਿੱਚ ਇੱਕ ਏ.ਐੱਸ.ਆਈ. (ASI) ਨੂੰ ਰਿਸ਼ਵਤ ਮੰਗਣ ਦੇ ਇਲਜ਼ਾਮ ਵਿੱਚ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਏਐੱਸਆਈ ਅਮਰੀਕਾ ਵਿੱਚ ਬੈਠੇ ਇੱਕ ਨੌਜਵਾਨ ਤੋਂ ਕਾਲ ’ਤੇ 2 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਨੌਜਵਾਨ ਦਾ ਇਲਜ਼ਾਮ ਹੈ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਨਾਜਾਇਜ਼ ਪਰਚੇ ਦਰਜ ਕਰਨ ਅਤੇ ਘਰ ਢਾਹੁਣ ਦੀ ਧਮਕੀ ਦਿੱਤੀ ਗਈ ਹੈ।
ਹੁਣ ਨੌਜਵਾਨ ਨੇ ਇਸ ਸਬੰਧ ਵਿੱਚ ਇੱਕ ਆਡੀਓ ਜਾਰੀ ਕੀਤੀ ਹੈ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਏ.ਐੱਸ.ਆਈ. ਖਿਲਾਫ਼ ਵਿਭਾਗੀ (Departmental) ਕਾਰਵਾਈ ਕੀਤੀ ਜਾਵੇਗੀ।
ਵੀਡੀਓ ਜਾਰੀ ਕਰਕੇ ਨੌਜਵਾਨ ਨੇ ਲਗਾਏ ਇਹ ਇਲਜ਼ਾਮ
“ਦੋ ਸਾਲਾਂ ਤੋਂ ਮੈਨੂੰ ਪੁਲਿਸ ਤੰਗ ਕਰ ਰਹੀ ਹੈ”
ਨੌਜਵਾਨ ਨੇ ਮਾਮਲੇ ਵਿੱਚ ਇੱਕ ਵੀਡੀਓ ਜਾਰੀ ਕੀਤੀ ਹੈ। ਉਸ ਵਿੱਚ ਕਿਹਾ ਕਿ ਮੇਰਾ ਨਾਮ ਆਕਾਸ਼ ਹੈ। ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਅਤੇ ਹੁਣ ਅਮਰੀਕਾ ਵਿੱਚ ਰਹਿ ਰਿਹਾ ਹਾਂ। ਪਿਛਲੇ 2 ਸਾਲਾਂ ਤੋਂ ਪੁਲਿਸ ਮੈਨੂੰ ਤੰਗ ਕਰ ਰਹੀ ਹੈ। ਮੈਂ ਕਦੇ ਸੋਸ਼ਲ ਮੀਡੀਆ ’ਤੇ ਲਾਈਵ ਨਹੀਂ ਹੋਇਆ। ਅੱਜ ਲਾਈਵ ਹੋਣ ਦਾ ਮਕਸਦ ਹੈ ਕਿ ਪੁਰਹੀਰਾਂ ਚੌਕੀ ਦਾ ਏਐੱਸਆਈ 2 ਲੱਖ ਰੁਪਏ ਮੰਗ ਰਿਹਾ ਹੈ। ਮੇਰੇ ਕੋਲ ਸਬੂਤ ਹਨ।
“2 ਲੱਖ ਨਾ ਦੇਣ ’ਤੇ ਪਰਚੇ ਪਾਉਣ ਦੀ ਧਮਕੀ”
ਆਕਾਸ਼ ਨੇ ਦੱਸਿਆ ਕਿ ਏਐੱਸਆਈ ਦਾ ਨਾਮ ਅਮਰਜੀਤ ਹੈ। ਉਹ ਵਾਰ-ਵਾਰ ਪੈਸੇ ਦੇਣ ਦਾ ਦਬਾਅ ਬਣਾ ਰਿਹਾ ਹੈ। ਉਹ ਵੀਡੀਓ ਵਿੱਚ ਇਹ ਕਹਿ ਰਿਹਾ ਹੈ ਕਿ ਜੇ ਤੂੰ 2 ਲੱਖ ਰੁਪਏ ਨਹੀਂ ਦਿੱਤੇ ਤਾਂ ਤੁਹਾਡੇ ਅਤੇ ਤੁਹਾਡੇ ਘਰ ਵਾਲਿਆਂ ’ਤੇ ਨਾਜਾਇਜ਼ ਪਰਚੇ ਦਰਜ ਕਰਵਾਵਾਂਗਾ ਅਤੇ ਤੁਹਾਡਾ ਘਰ ਢਾਹ ਦਿਆਂਗਾ। ਇਸ ਤੋਂ ਬਾਅਦ ਕੱਲ੍ਹ ਏਐੱਸਆਈ ਨੇ ਇੱਕ ਸਾਜ਼ਿਸ਼ ਰਚੀ ਅਤੇ ਮੇਰੇ ਪਿਤਾ ’ਤੇ ਝੂਠਾ ਪਰਚਾ ਦਰਜ ਕਰ ਦਿੱਤਾ।
“ਮੇਰੇ ਪਰਿਵਾਰ ’ਤੇ ਦਰਜ ਕੀਤਾ ਗਿਆ ਝੂਠਾ ਕੇਸ”
ਆਕਾਸ਼ ਨੇ ਅੱਗੇ ਕਿਹਾ ਕਿ ਸਾਰੇ ਪਰਚੇ ਝੂਠੇ ਹਨ। ਮੈਂ 2 ਲੱਖ ਰੁਪਏ ਨਹੀਂ ਦਿੱਤੇ, ਇਸ ਲਈ ਮੇਰੇ ’ਤੇ ਅਤੇ ਮੇਰੇ ਘਰ ਵਾਲਿਆਂ ’ਤੇ ਝੂਠਾ ਪਰਚਾ ਦਰਜ ਕੀਤਾ ਗਿਆ। ਮੈਂ ਜਾਣਦਾ ਹਾਂ ਕਿ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ। ਮੈਂ ਇਸ ਵੀਡੀਓ ਰਿਕਾਰਡਿੰਗ ਰਾਹੀਂ ਮੰਗ ਕਰਦਾ ਹਾਂ ਕਿ ਇਸ ਏਐੱਸਆਈ ਖਿਲਾਫ਼ ਕਾਰਵਾਈ ਕੀਤੀ ਜਾਵੇ।
ਥਾਣਾ ਇੰਚਾਰਜ ਵੱਲੋਂ ਵਿਭਾਗੀ ਕਾਰਵਾਈ ਦਾ ਭਰੋਸਾ
ਥਾਣਾ ਇੰਚਾਰਜ ਦੇਵ ਦੱਤ ਸ਼ਰਮਾ ਨੇ ਕਿਹਾ ਕਿ ਅਜੇ ਉਨ੍ਹਾਂ ਨੇ ਆਡੀਓ-ਵੀਡੀਓ ਰਿਕਾਰਡਿੰਗ ਨਹੀਂ ਸੁਣੀ ਹੈ। ਇਸ ਨੂੰ ਸੁਣਨ ਤੋਂ ਬਾਅਦ ਜਾਂਚ ਕੀਤੀ ਜਾਵੇਗੀ। ਜੇ ਏਐੱਸਆਈ ਨੇ ਨਾਜਾਇਜ਼ ਪਰਚੇ ਦਿੱਤੇ ਹਨ, ਤਾਂ ਇਸ ਤੋਂ ਅੱਗੇ ਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਫੌਰੀ ਤੌਰ ’ਤੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਨੋਟ – ’ਦ ਖ਼ਾਲਸ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ।

