India Punjab

ਪੰਜਾਬ ਪੁਲਿਸ ਨੇ 3 ਦਿਨਾਂ ਅੰਦਰ ਫੜੀ 700 ਕਰੋੜ ਦੀ ਹੈਰੋਇਨ, ਇਸ ਦੇਸ਼ ਨਾਲ ਜੁੜੇ ਤਾਰ

3 ਦਿਨ ਪਹਿਲਾਂ ਗੁਜਰਾਤ ਪੋਰਟ ਤੋਂ ਪੰਜਾਬ ਪੁਲਿਸ ਨੇ ਜੁਆਇੰਟ ਆਪਰੇਸ਼ਨ ਨਾਲ 75 ਕਿਲੋ ਹੈਰੋਇਨ ਫੜੀ ਸੀ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਨੇ ਨਸ਼ੇ ਖਿਲਾਫ਼ 3 ਦਿਨਾਂ ਦੇ ਅੰਦਰ 2 ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਮਹਾਂਰਾਸ਼ਟਰਾ ਦੇ ਨਾਵਾ ਸ਼ੇਰਾ ਪੋਰਟ ਤੋਂ 73 ਕਿੱਲੋ ਹੈਰੋਈਨ ਫੜੀ ਗਈ ਹੈ। ਪੰਜਾਬ ਅਤੇ ਮਹਾਂਰਾਸ਼ਟਰਾ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੋਂ ਬਾਅਦ ਇਹ ਸਫਲਤਾ ਹਾਸਲ ਹੋਈ ਹੈ। ਤਿੰਨ ਦਿਨ ਪਹਿਲਾਂ ਗੁਜਰਾਤ ਪੁਲਿਸ ਦੇ ਨਾਲ ਜੁਆਇੰਟ ਆਪਰੇਸ਼ਨ ਦੌਰਾਨ ਪੰਜਾਬ ਪੁਲਿਸ ਨੇ 75 ਕਿੱਲੋ ਹੈਰੋਈਨ ਫੜੀ ਸੀ, ਜਿਸ ਦੀ ਕੀਮਤ 350 ਕਰੋੜ ਦੱਸੀ ਗਈ ਸੀ। ਹੁਣ ਮਹਾਂਰਾਸ਼ਟਰ ਤੋਂ ਹੈਰੋਇਨ ਫੜੀ ਜਾਣ ਤੋਂ ਬਾਅਦ ਇਸ ਦੀ ਕੁੱਲ ਕੀਮਤ 700 ਕਰੋੜ ਹੋ ਗਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਪੂਰੇ ਆਪਰੇਸ਼ਨ ਬਾਰੇ ਅਹਿਮ ਖ਼ੁਲਾਸਾ ਕੀਤਾ ਹੈ।

DGP ਦਾ ਵੱਡਾ ਖੁਲਾਸਾ 

DGP ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੂੰ ਹੈਰੋਇਨ ਦਾ ਇਨਪੁਟ ਮਿਲਿਆ ਸੀ,ਜਿਸ ਨੂੰ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਮਹਾਂਰਾਸ਼ਟਰਾ ਪੁਲਿਸ ਨੂੰ ਸ਼ੇਅਰ ਕੀਤਾ ਗਿਆ। ਤਿੰਨੋਂ ਏਜੰਸੀਆਂ ਦੇ ਜੁਆਇੰਟ ਆਪਰੇਸ਼ਨ ਤੋਂ ਬਾਅਦ 73 ਕਿੱਲੋ ਹੈਰੋਈਨ ਮਹਾਂਰਾਸ਼ਟਰਾ ਦੇ ਨਾਵਾ ਸ਼ੇਰਾ ਪੋਰਟ ਤੋਂ ਫੜੀ ਗਈ ਹੈ। ਪੰਜਾਬ ਸਟੇਟ ਆਪਰੇਸ਼ਨ ਸੈੱਲ ਦੀ ਟੀਮ ਮਹਾਂਰਾਸ਼ਟਰਾ ਰਵਾਨਾ ਹੋ ਗਈ ਹੈ। ਹੁਣ ਪੰਜਾਬ ਪੁਲਿਸ ਕੇਂਦਰ ਅਤੇ ਮਹਾਂਰਾਸ਼ਟਰਾ ਨਾਲ ਮਿਲ ਕੇ ਹੈਰੋਈਨ ਦੇ ਲਿੰਕ ਖੰਗਾਲਨ ਵਿੱਚ ਲੱਗੀ ਹੋਈ ਹੈ ਕਿ ਕਿਸ ਨੇ ਹੈਰੋਇਨ ਭੇਜੀ ਸੀ, ਇਸ ਬਾਰੇ ਕੁੱਝ ਅਹਿਮ ਸੁਰਾਗ ਵੀ ਮਿਲੇ ਹਨ, ਜਿਸ ਨੂੰ ਜਲਦ ਬੇਨਕਾਬ ਕੀਤਾ ਜਾਵੇਗਾ।

3 ਦਿਨ ਪਹਿਲਾਂ ਮੁਦਰਾ ਪੋਰਟ ਤੋਂ ਹੋਈ ਬਰਾਮਦਗੀ

3 ਦਿਨ ਪਹਿਲਾਂ ਗੁਜਰਾਤ ਦੇ ਮੁਦਰਾ ਪੋਰਟ ਤੋਂ ਮਿਲੀ 350 ਕਰੋੜ ਦੀ ਹੈਰੋਈਨ ਦੀ ਇਨਪੁਟ ਵੀ ਪੰਜਾਬ ਪੁਲਿਸ ਨੇ ਹੀ ਦਿੱਤੀ ਸੀ। ਇਸ ਮਾਮਲੇ ਵਿੱਚ ਲੁਧਿਆਣਾ ਦੇ ਇੱਕ ਸ਼ਖ਼ਸ ਨੂੰ ਫੜਿਆ ਗਿਆ ਹੈ। ਹੈਰੋਇਨ ਦੀ ਇਹ ਖੇਪ ਪੰਜਾਬ ਵਿੱਚ ਡਿਲੀਵਰੀ ਹੋਣ ਤੋਂ ਬਾਅਦ ਅੱਗੇ ਭੇਜੀ ਜਾਣੀ ਸੀ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਦੱਸਿਆ ਸੀ ਕਿ UAE ਤੋਂ ਪੰਜਾਬ ਨੂੰ ਹੈਰੋਇਨ ਦੀ ਤਸਕਰੀ ਬਾਰੇ ਵਿਸ਼ੇਸ਼ ਖੁਫੀਆ ਸੂਚਨਾ ਮਿਲੀ ਸੀ।

ਮੁੰਦਰਾ ਬੰਦਰਗਾਹ ਵਿਖੇ ਇੱਕ ਕੰਟੇਨਰ ਵਿੱਚੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਨਸ਼ੀਲੇ ਪਦਾਰਥ ਨੂੰ ਇੱਕ ਗੱਤੇ ਦੀ ਪਾਈਪ ਦੀ ਵਰਤੋਂ ਕਰਕੇ ਬਿਨਾਂ ਸਿਲਾਈ ਕੀਤੇ ਕੱਪੜਿਆਂ ਦੇ ਇੱਕ ਡੱਬੇ ਵਿੱਚ ਛੁਪਾ ਕੇ ਰੱਖਿਆ ਗਿਆ ਸੀ, ਜਿਸ ਨੂੰ ਇੱਕ ਵੱਡੇ ਪਲਾਸਟਿਕ ਪਾਈਪ ਦੁਆਰਾ ਅੱਗੇ ਛੁਪਾਇਆ ਗਿਆ ਸੀ। ਕੰਟੇਨਰ UAE ਦੇ ਜੇਬਲ ਅਲੀ ਬੰਦਰਗਾਹ ਤੋਂ ਲੋਡ ਕੀਤਾ ਗਿਆ ਸੀ ਅਤੇ ਮਾਲੇਰਕੋਟਲਾ ਲਈ ਬੁੱਕ ਕੀਤਾ ਗਿਆ ਸੀ।