2008 ਵਿੱਚ ਚੰਡੀਗੜ੍ਹ ਏਅਰਪੋਰਟ ਨੂੰ ਕੌਮਾਂਤਰੀ ਏਅਰਪੋਰਟ ਬਣਾਉਣ ਦੇ ਲਈ ਕੰਮ ਸ਼ੁਰੂ ਹੋ ਗਿਆ ਸੀ
‘ਦ ਖ਼ਾਲਸ ਬਿਊਰੋ : ਤਕਰੀਬਨ 1 ਦਹਾਕੇ ਤੋਂ ਚੰਡੀਗੜ੍ਹ ਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਸੀ। ਸ਼ਨਿੱਚਰਵਾਰ ਨੂੰ ਇਹ ਤੈਅ ਹੋ ਗਿਆ ਹੈ ਕਿ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਹੁਣ ਦੋਵੇਂ ਸਰਕਾਰਾਂ ਇਹ ਮਤਾ ਕੇਂਦਰ ਸਰਕਾਰ ਨੂੰ ਭੇਜਣਗੇ ਜਿਸ ਤੋਂ ਬਾਅਦ ਅੰਤਿਮ ਫੈਸਲਾ ਹੋਵੇਗਾ ਪਰ ਹੁਣ ਵੀ ਇੱਕ ਚੀਜ਼ ਨੂੰ ਲੈ ਕੇ ਦੋਵਾਂ ਸੂਬਿਆਂ ਵਿੱਚ ਪੇਚ ਫਸਿਆ ਹੋਇਆ ਹੈ।
![Bhagat Singh Death Anniversary 2022: Check out significance, messages to share - BusinessToday](https://akm-img-a-in.tosshub.com/businesstoday/images/story/202203/ezgif-sixteen_nine_250.jpg?size=1200:675)
ਇਸ ਚੀਜ਼ ‘ਤੇ ਹੁਣ ਵੀ ਸਹਿਮਤੀ ਨਹੀਂ
ਹਾਲਾਂਕਿ ਹਰਿਆਣਾ ਅਤੇ ਪੰਜਾਬ ਦੀਆਂ ਵਿਧਾਨ ਸਭਾ ਪਹਿਲਾਂ ਹੀ ਮਤਾ ਪਾਸ ਕਰ ਚੁੱਕੀਆਂ ਸਨ ਕਿ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ ਪਰ ਏਅਰਪੋਰਟ ਦੇ ਨਾਲ ਮੁਹਾਲੀ ਅਤੇ ਚੰਡੀਗੜ੍ਹ ਸ਼ਬਦ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਵਿਚਾਲੇ ਵਿਵਾਦ ਚੱਲ ਰਿਹਾ ਸੀ। ਪੰਜਾਬ ਅਤੇ ਹਰਿਆਣਾ ਦੋਵੇਂ ਹੀ ਆਪੋ ਆਪਣਾ ਦਾਅਵਾ ਹੁਣ ਵੀ ਛੱਡਣ ਨੂੰ ਤਿਆਰ ਨਹੀਂ ਹਨ। ਹਰਿਆਣਾ ਪਹਿਲਾਂ ਚੰਡੀਗੜ੍ਹ ਸ਼ਬਦ ਜੋੜਨ ਦੀ ਜ਼ਿਦ ਕਰ ਰਿਹਾ ਸੀ ਹੁਣ ਇਸ ਦੇ ਨਾਲ ਪੰਚਕੂਲਾ ਜੋੜਨ ‘ਤੇ ਅੜਿਆ ਹੋਇਆ ਹੈ,ਜਦਕਿ ਪੰਜਾਬ ਸ਼ਹੀਦ ਭਗਤ ਸਿੰਘ ਏਅਰਪੋਰਟ ਦੇ ਨਾਲ ਮੋਹਾਲੀ ਸ਼ਬਦ ਜੋੜਨਾ ਚਾਹੁੰਦਾ ਹੈ।
2008 ਵਿੱਚ ਕੌਮਾਂਤਰੀ ਹਵਾਈ ਅੱਡਾ ਬਣਨਾ ਸ਼ੁਰੂ ਹੋਇਆ
2008 ਵਿੱਚ ਚੰਡੀਗੜ੍ਹ ਏਅਰਪੋਰਟ ਨੂੰ ਕੌਮਾਂਤਰੀ ਦਰਜਾ ਦਿਵਾਉਣ ਦੇ ਲਈ ਏਅਰਪੋਰਟ ਦੀ ਉਸਾਰੀ ਸ਼ੁਰੂ ਹੋਈ ਸੀ। ਸੂਬੇ ਦੇ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਦਾ ਐਲਾਨ ਕੀਤਾ ਸੀ ਪਰ ਅਖੀਰਲੇ ਮੌਕੇ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਉੱਥੇ ਪਹੁੰਚ ਗਏ ਅਤੇ ਏਅਰਪੋਰਟ ‘ਤੇ ਹਰਿਆਣਾ ਦਾ ਵੀ ਬਰਾਬਰ ਦਾ ਹੱਕ ਦੱਸਿਆ ।
ਬਸ ਉਸੇ ਦਿਨ ਤੋਂ ਦੋਵਾਂ ਸੂਬਿਆਂ ਵਿੱਚ ਵਿਵਾਦ ਸ਼ੁਰੂ ਹੋ ਗਿਆ। 11 ਸਤੰਬਰ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਏਅਰਪੋਰਟ ਨੂੰ ਕੌਮਾਂਤਰੀ ਏਅਰਪੋਰਟ ਦਾ ਦਰਜਾ ਦਿੰਦੇ ਹੋਏ ਇਸ ਦੇ ਨਵੇਂ ਟਰਮਿਨਲਸ ਦਾ ਉਦਘਾਟਨ ਕੀਤਾ ਪਰ ਨਾਂ ਨੂੰ ਲੈ ਕੇ ਰੇੜਕਾ ਜਾਰੀ ਰਿਹਾ। ਨਵਾਂ ਟਰਮਿਨਲ ਵੀ ਮੋਹਾਲੀ ਵਾਲੀ ਥਾਂ ‘ਤੇ ਬਣਾਇਆ ਗਿਆ ਸੀ।
ਪੰਜਾਬ ਸਰਕਾਰ ਦਾ ਦਾਅਵਾ ਸੀ ਕੌਮਾਂਤਰੀ ਹਵਾਈ ਅੱਡੇ ਲਈ ਸੂਬਾ ਸਰਕਾਰ ਨੇ ਜ਼ਮੀਨ ਦਿੱਤੀ ਹੈ ਇਸ ਲਈ ਏਅਰਪੋਰਟ ਦਾ ਨਾਂ ਮੁਹਾਲੀ ਕੌਮਾਂਤਰੀ ਹਵਾਈ ਅੱਡਾ ਹੋਣਾ ਚਾਹੀਦਾ ਹੈ ਜਦਕਿ ਹਰਿਆਣਾ ਦਾ ਤਰਕ ਸੀ ਕਿ ਚੰਡੀਗੜ੍ਹ ਏਅਰਪੋਰਟ ਨੂੰ ਹੀ ਕੌਮਾਂਤਰੀ ਦਰਜ਼ਾ ਮਿਲਿਆ ਹੈ ਇਸ ਲਈ ਚੰਡੀਗੜ੍ਹ ਇਸ ਨਾਲ ਜੁੜਿਆ ਹੋਣਾ ਚਾਹੀਦਾ ਹੈ।