Punjab

ਵਾਇਰਲ ਕਾਨਫਰੰਸ ਕਾਲ ‘ਤੇ ਪੰਜਾਬ ਅਕਾਲੀ ਆਗੂ ਨੂੰ ਸੰਮਨ, ਸੁਖਬੀਰ ਸਿੰਘ ਬਾਦਲ ਸਮੇਤ ਕਈ ਸੀਨੀਅਰ ਆਗੂਆਂ SIT ਨੇ ਕੀਤਾ ਤਲਬ

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਪਟਿਆਲਾ ਪੁਲਿਸ ਨਾਲ ਸਬੰਧਤ ਵਾਇਰਲ ਹੋਈ ਵਿਵਾਦਤ ਆਡੀਓ ਕਲਿਪ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਸੀਨੀਅਰ ਆਗੂਆਂ ਨੂੰ ਸੰਮਨ ਜਾਰੀ ਕੀਤੇ ਹਨ। ਪੁਲਿਸ ਨੇ ਸ੍ਰੀ ਬਾਦਲ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਅਤੇ ਪਾਰਟੀ ਦੇ ਕਾਨੂੰਨੀ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ 7 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਪੰਜਾਬ ਪੁਲੀਸ ਹੈੱਡਕੁਆਰਟਰ ਤਲਬ ਕੀਤਾ ਹੈ।

ਇਹ ਸੰਮਨ ਭਾਰਤੀ ਬੀ ਐੱਨ ਐੱਸ ਐੱਸ ਦੀ ਧਾਰਾ 94 ਤਹਿਤ ਏ ਡੀ ਜੀ ਪੀ (ਕਾਨੂੰਨ ਅਤੇ ਵਿਵਸਥਾ) ਨੇ ਜਾਰੀ ਕੀਤੇ ਹਨ। ਪੁਲਿਸ ਨੇ ਇਨ੍ਹਾਂ ਆਗੂਆਂ ਨੂੰ ਕਿਹਾ ਹੈ ਕਿ ਉਹ ਵਾਇਰਲ ਆਡੀਓ ਕਲਿਪ ਸਬੰਧੀ ਆਪਣੇ ਕੋਲ ਮੌਜੂਦ ਅਸਲ ਸਮੱਗਰੀ ਜਾਂ ਕੋਈ ਵੀ ਦਸਤਾਵੇਜ਼ੀ/ਡਿਜੀਟਲ ਸਬੂਤ ਪੇਸ਼ ਕਰਨ।

ਸੰਮਨ ਵਿੱਚ ਕਿਹਾ ਗਿਆ ਹੈ, ‘‘ਜਾਪਦਾ ਹੈ ਕਿ ਇਸ ਸਬੰਧੀ ਅਸਲ ਸਮੱਗਰੀ ਤੁਹਾਡੇ ਕੋਲ ਉਪਲਬਧ ਹੈ, ਇਸ ਲਈ ਜਾਂਚ ਨੂੰ ਅੱਗੇ ਵਧਾਉਣ ਲਈ ਇਸ ਨੂੰ ਰਿਕਾਰਡ ’ਤੇ ਲੈਣਾ ਜ਼ਰੂਰੀ ਹੈ।’’ ਆਗੂ ਖੁਦ ਜਾਂ ਆਪਣੇ ਕਿਸੇ ਅਧਿਕਾਰਤ ਨੁਮਾਇੰਦੇ ਰਾਹੀਂ ਪੇਸ਼ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵ੍ਹਟਸਐਪ ਗਰੁੱਪ ਕਾਲ ਦੀ ਰਿਕਾਰਡਿੰਗ ਵਾਇਰਲ ਹੋਈ ਸੀ, ਜਿਸ ਵਿੱਚ ਕਥਿਤ ਤੌਰ ’ਤੇ ਪੁਲਿਸ ਅਧਿਕਾਰੀ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਖੋਹਣ ਜਾਂ ਪਾੜਨ ਬਾਰੇ ਗੱਲ ਕਰਦੇ ਸੁਣਾਈ ਦਿੰਦੇ ਹਨ। ਅਕਾਲੀ ਦਲ ਨੇ ਇਸ ਆਡੀਓ ਨੂੰ ਆਧਾਰ ਬਣਾ ਕੇ ਰਾਜ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਹਾਈ ਕੋਰਟ ਵਿੱਚ ਵੀ ਪਹੁੰਚ ਕੀਤੀ ਸੀ।

ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੇ ਇਸ ਕਲਿਪ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਸਾਂਝਾ ਕੀਤਾ ਸੀ। ਦੂਜੇ ਪਾਸੇ, ਪਟਿਆਲਾ ਪੁਲਿਸ ਨੇ ਇਸ ਕਲਿਪ ਨੂੰ ਫਰਜ਼ੀ ਕਰਾਰ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਕਲਿਪ ਮਸਨੂਈ ਬੌਧਿਕਤਾ (ਏ ਆਈ) ਦੀ ਵਰਤੋਂ ਕਰ ਕੇ ਤਿਆਰ ਕੀਤੀ ਗਈ ਹੈ। ਇਸ ਸਬੰਧੀ 4 ਦਸੰਬਰ ਨੂੰ ਪਟਿਆਲਾ ਦੇ ਸਾਈਬਰ ਕਰਾਈਮ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਫ ਆਈ ਆਰ ਨੰਬਰ 52 ਦਰਜ ਕੀਤੀ ਗਈ ਸੀ।

ਪੁਲਿਸ ਦਾ ਕਹਿਣਾ ਹੈ ਕਿ ਸੰਮਨ ਇਸੇ ਐੱਫ ਆਈ ਆਰ ਅਤੇ ਚੋਣ ਕਮਿਸ਼ਨ ਕੋਲ ਕੀਤੀ ਗਈ ਸ਼ਿਕਾਇਤ ਦੀ ਜਾਂਚ ਦਾ ਹਿੱਸਾ ਹਨ। ਸੰਪਰਕ ਕਰਨ ’ਤੇ ਸੁਖਬੀਰ ਸਿੰਘ ਬਾਦਲ, ਅਰਸ਼ਦੀਪ ਸਿੰਘ ਕਲੇਰ ਅਤੇ ਸਰਬਜੀਤ ਸਿੰਘ ਝਿੰਜਰ ਨੇ ਸੰਮਨ ਮਿਲਣ ਦੀ ਪੁਸ਼ਟੀ ਕੀਤੀ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਉਹ ਆਪਣੇ ਵੱਲੋਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੁਲਿਸ ਸਾਹਮਣੇ ਪੇਸ਼ ਹੋਣਗੇ ਤੇ ਆਪਣਾ ਪੱਖ ਰੱਖਣਗੇ।