ਫਾਜ਼ਿਲਕਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਨੂੰ ਉਤਪਾਦਕ ਕਿਸਾਨਾਂ ਨੂੰ ਉਨਾਂ ਦੇ ਫਸਲੀ ਉਤਪਾਦਨ ਦੇ ਮੰਡੀਕਰਨ ਵਿੱਚ ਸਹਾਇਤਾ ਦੀ ਲੜੀ ਤਹਿਤ ਮਿਡ ਡੇ ਮੀਲ ਵਿੱਚ ਵਿਦਿਆਰਥੀਆਂ ਨੂੰ ਕਿਨੂੰ ਦੇਣ ਦੇ ਕੀਤੇ ਗਏ ਫੈਸਲੇ ਦੇ ਮੱਦੇ ਨਜ਼ਰ ਪੰਜਾਬ ਅਗਰੋ ਵੱਲੋਂ ਲਗਾਤਾਰ ਕਿਸਾਨਾਂ ਤੋਂ ਕਿੰਨੂ ਦੀ ਖਰੀਦ ਕਰਕੇ ਵੱਖ-ਵੱਖ ਜ਼ਿਲਿਆਂ ਵਿੱਚ ਸਕੂਲਾਂ ਤੱਕ ਕਿੰਨੂ ਭੇਜਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਸੋਮਵਾਰ ਲਈ ਇਥੋਂ ਪਿਛਲੇ ਦਿਨੀ ਕਿੰਨੂੰ ਭੇਜਿਆ ਗਿਆ ਸੀ ਜੋ ਕਿ ਫਿਰੋਜ਼ਪੁਰ, ਫਰੀਦਕੋਟ, ਕਪੂਰਥਲਾ, ਬਰਨਾਲਾ, ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲਿਆਂ ਵਿੱਚ ਸੋਮਵਾਰ ਨੂੰ ਕਿੰਨੂ ਵੰਡਿਆ ਗਿਆ ਸੀ । ਇਸੇ ਤਰ੍ਹਾਂ ਅੱਜ ਮੰਗਲਵਾਰ ਨੂੰ ਜ਼ਿਲ੍ਹਾ ਲੁਧਿਆਣਾ, ਜਲੰਧਰ, ਫਤਿਹਗੜ੍ਹ ਸਾਹਿਬ,ਪਠਾਨਕੋਟ ਅਤੇ ਐਸਬੀਐਸ ਨਗਰ ਦੇ ਸਕੂਲਾਂ ਲਈ ਕਿੰਨੂ ਭੇਜਿਆ ਗਿਆ ਹੈ ਜੋ ਕਿ ਇਹਨਾਂ ਜ਼ਿਲ੍ਹਿਆਂ ਵਿੱਚ ਵਿਦਿਆਰਥੀਆਂ ਨੂੰ ਵੰਡਿਆ ਗਿਆ। ਇਸੇ ਤਰ੍ਹਾਂ ਸਾਰੇ ਪੰਜਾਬ ਨੂੰ ਵੱਖ-ਵੱਖ ਜੋਨਾਂ ਵਿੱਚ ਵੰਡ ਕੇ ਰੋਜ਼ਾਨਾ ਆਧਾਰ ਤੇ ਵੱਖ-ਵੱਖ ਜ਼ਿਲਿਆਂ ਨੂੰ ਕਿੰਨੂ ਦੀ ਸਪਲਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਪੰਜਾਬ ਐਗਰੋ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੋ ਵੱਲੋਂ ਲਗਾਤਾਰ ਕਿਸਾਨਾਂ ਤੋਂ ਖਰੀਦ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪੰਜਾਬ ਐਗਰੋ ਵੱਲੋਂ ਕਿਸਾਨਾਂ ਦੀ ਮੰਗ ਅਨੁਸਾਰ ਇਹ ਖਰੀਦ ਸ਼ੁਰੂ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਉਨਾਂ ਦੀ ਫਸਲ ਦਾ ਭਰਪੂਰ ਲਾਭ ਮਿਲ ਸਕੇ।
ਸਰਕਾਰ ਤੇ ਇਸ ਫੈਸਲੇ ਦਾ ਕਿੰਨੂ ਬਾਗਬਾਨ ਸਵਾਗਤ ਕਰ ਰਹੇ ਹਨ। ਪਿੰਡ ਦੌਲਤਪੁਰਾ ਦੇ ਕਿਸਾਨ ਗੁਰਦੇਵ ਸਿੰਘ ਅਤੇ ਪਿੰਡ ਦੀਵਾਨ ਖੇੜਾ ਦੇ ਕਿਸਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸਨੇ ਆਪਣਾ ਕਿਨੂੰ 15 ਰੁਪਏ ਕਿਲੋ ਦੇ ਹਿਸਾਬ ਨਾਲ ਪੰਜਾਬ ਐਗਰੋ ਨੂੰ ਦਿੱਤਾ ਹੈ। ਜਦਕਿ ਬਾਜ਼ਾਰ ਵਿੱਚ ਇਸ ਤੋਂ ਘੱਟ ਕੀਮਤ ਮਿਲ ਰਹੀ ਸੀ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨ ਹਿੱਤ ਵਿੱਚ ਲਏ ਇਸ ਵੱਡੇ ਫੈਸਲੇ ਲਈ ਸਰਕਾਰ ਦਾ ਧੰਨਵਾਦ ਕੀਤਾ।