ਚੰਡੀਗੜ੍ਹ: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ 500 ਕਰੋੜ ਰੁਪਏ ਖ਼ਰਚੇਗੀ। ਉਨ੍ਹਾਂ ਵੱਲੋਂ ਜਾਰੀ ਪ੍ਰੈੱਸ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਫ਼ਸਲੀ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਕਟਾਈ ਦੇ ਸੀਜ਼ਨ-2024 ਦੌਰਾਨ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਮਸ਼ੀਨਰੀ ਅਤੇ ਹੋਰ ਉਪਾਅ ਪ੍ਰਦਾਨ ਕਰਨ ਵਾਸਤੇ 500 ਕਰੋੜ ਰੁਪਏ ਦੀ ਕਾਰਜ ਯੋਜਨਾ ਬਣਾਈ ਗਈ ਹੈ।
ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੂੰ ਸਾਉਣੀ ਸੀਜ਼ਨ-2024 ਦੌਰਾਨ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ (CRM) ਮਸ਼ੀਨਾਂ ’ਤੇ ਸਬਸਿਡੀ ਪ੍ਰਾਪਤ ਕਰਨ ਦੇ ਇੱਛੁਕ ਕਿਸਾਨਾਂ, ਸਹਿਕਾਰੀ ਸੁਸਾਇਟੀਆਂ, ਐਫਪੀਓਜ਼ ਅਤੇ ਪੰਚਾਇਤਾਂ ਵੱਲੋਂ 21,511 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਕਿਸਾਨਾਂ ਨੇ 63,697 ਮਸ਼ੀਨਾਂ ਲਈ ਅਰਜ਼ੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਵਿਅਕਤੀਗਤ ਕਿਸਾਨ ਸੀਆਰਐਮ ਮਸ਼ੀਨਰੀ ’ਤੇ 50 ਫ਼ੀਸਦੀ ਸਬਸਿਡੀ ਲੈ ਸਕਦੇ ਹਨ, ਜਦਕਿ ਇਸ ਯੋਜਨਾ ਦੇ ਨਿਯਮਾਂ ਮੁਤਾਬਕ ਸਹਿਕਾਰੀ ਸੁਸਾਇਟੀਆਂ, ਐਫਪੀਓਜ਼ ਅਤੇ ਪੰਚਾਇਤਾਂ 80 ਫ਼ੀਸਦੀ ਸਬਸਿਡੀ ਲੈ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਫ਼ਸਲੀ ਰਹਿੰਦ-ਖੂੰਹਦ ਦੇ ਖੇਤਾਂ ਵਿੱਚ ਨਿਪਟਾਰੇ (ਇਨ-ਸੀਟੂ) ਲਈ ਸੁਪਰ ਐਸਐਮਐਸ, ਸੁਪਰ ਸੀਡਰ, ਸਰਫੇਸ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਪੈਡੀ ਸਟਾਰਅ ਚੌਪਰ, ਸ਼੍ਰੈਡਰ, ਮਲਚਰ, ਹਾਈਡ੍ਰੌਲਿਕ ਰੀਵਰਸੀਵਲ ਮੋਲਡ ਬੋਰਡ ਪਲੌਅ ਅਤੇ ਜ਼ੀਰੋ ਟਿੱਲ ਡਰਿੱਲ ਅਤੇ ਖੇਤਾਂ ਤੋਂ ਬਾਹਰ (ਐਕਸ-ਸੀਟੂ) ਨਿਪਟਾਰੇ ਲਈ ਬੇਲਰ ਅਤੇ ਰੇਕ ਮਸ਼ੀਨਰੀਆਂ ਸਬਸਿਡੀ ’ਤੇ ਉਪਲੱਬਧ ਕਰਾਈਆਂ ਜਾ ਰਹੀਆਂ ਹਨ।
ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਦੇ ਕਿਸਾਨਾਂ ਨੂੰ ਸਾਲ 2018-19 ਤੋਂ 2023 ਤੱਕ ਕੁੱਲ 1,30,000 ਸੀਆਰਐਮ ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਉਪਲੱਬਧ ਤਕਨਾਲੋਜੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਤੇ ਸਿਖਲਾਈ ਦੇਣ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਮੁਹਿੰਮ ਸ਼ੁਰੂ ਕਰੇਗਾ ਤੇ ਸੂਬਾ ਸਰਕਾਰ ਫ਼ਸਲੀ ਰਹਿੰਦ-ਖੂੰਹਦ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪੂਰੀ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।