Punjab

11 ਸਾਲ ਬਾਅਦ ਮੈਦਾਨ ’ਚ ਉੱਤਰੇ ਬਲ਼ਦ! ਕਿਲ੍ਹਾ ਰਾਏਪੁਰ ਖੇਡਾਂ ’ਚ 11 ਸਾਲ ਬਾਅਦ ਦੌੜੀਆਂ ਬੈਲਗੱਡੀਆਂ

ਬਿਊਰੋ ਰਿਪੋਰਟ (17 ਫਰਵਰੀ, 2026): ਪੰਜਾਬ ਦੀਆਂ ਮਸ਼ਹੂਰ ਕਿਲ੍ਹ ਰਾਏਪੁਰ ਪੇਂਡੂ ਓਲੰਪਿਕ ਖੇਡਾਂ ਵਿੱਚ 11 ਸਾਲ ਬਾਅਦ ਬੈਲਗੱਡੀਆਂ ਦੀ ਦੌੜ ਮੁੜ ਸ਼ੁਰੂ ਹੋ ਗਈ ਹੈ। ਅੱਜ ਦੁਪਹਿਰ 12 ਵਜੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਨ੍ਹਾਂ ਦੌੜਾਂ ਦਾ ਰਸਮੀ ਉਦਘਾਟਨ ਕੀਤਾ। ਪਹਿਲੇ ਗੇੜ ਵਿੱਚ 28 ਬੈਲਗੱਡੀਆਂ ਵਿਚਕਾਰ 7 ਪੜਾਵਾਂ ਵਿੱਚ ਮੁਕਾਬਲੇ ਕਰਵਾਏ ਗਏ।

72 ਬੈਲਗੱਡੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ

ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਲਗਭਗ 72 ਬੈਲਗੱਡੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਦੌੜਾਂ 19 ਫਰਵਰੀ ਤੱਕ ਲਗਾਤਾਰ ਤਿੰਨ ਦਿਨ ਚੱਲਣਗੀਆਂ। ਪਹਿਲੇ ਗੇੜ ਦੀਆਂ ਜੇਤੂ ਬੈਲਗੱਡੀਆਂ ਭਲਕੇ ਦੂਜੇ ਗੇੜ ਵਿੱਚ ਆਪਣੀ ਤਾਕਤ ਦਿਖਾਉਣਗੀਆਂ। ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਮੇਲਾ ਵੀ ਭਰੇਗਾ, ਜਿੱਥੇ ਅੱਜ ਰਾਤ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਆਪਣੀ ਪੇਸ਼ਕਾਰੀ ਦੇਣਗੇ।

ਜੇਤੂਆਂ ਲਈ ਸਰਕਾਰ ਅਤੇ ਕਮੇਟੀ ਵੱਲੋਂ ਵੱਡੇ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ। ਪਹਿਲੇ ਸਥਾਨ ’ਤੇ ਆਉਣ ਵਾਲੀ ਬੈਲਗੱਡੀ ਨੂੰ 2.50 ਲੱਖ ਰੁਪਏ, ਦੂਜੇ ਸਥਾਨ ’ਤੇ 1.90 ਲੱਖ ਰੁਪਏ ਅਤੇ ਤੀਜੇ ਸਥਾਨ ’ਤੇ 1.30 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਾਕੀ, ਕਬੱਡੀ ਤੇ ਐਥਲੈਟਿਕਸ ਵਰਗੀਆਂ ਹੋਰ ਖੇਡਾਂ ਵੀ ਖਿੱਚ ਦਾ ਕੇਂਦਰ ਰਹਿਣਗੀਆਂ।

ਸੁਪਰੀਮ ਕੋਰਟ ਦੀ ਰੋਕ ਤੋਂ ਬਾਅਦ ਵਾਪਸੀ:

ਦੱਸਣਯੋਗ ਹੈ ਕਿ ਸਾਲ 2014 ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਨ੍ਹਾਂ ਦੌੜਾਂ ’ਤੇ ਰੋਕ ਲਗਾ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਇਸ ਦੌੜ ਨੂੰ ਮੁੜ ਸ਼ੁਰੂ ਕਰਵਾਇਆ ਹੈ। ਪ੍ਰਬੰਧਕੀ ਕਮੇਟੀ ਅਨੁਸਾਰ ਇਹ ਦੌੜ ਐਨੀਮਲ ਵੈਲਫੇਅਰ ਬੋਰਡ ਅਤੇ ਅਦਾਲਤ ਦੇ ਨਿਯਮਾਂ ਅਨੁਸਾਰ ਕਰਵਾਈ ਜਾ ਰਹੀ ਹੈ ਅਤੇ ਕਿਸੇ ਵੀ ਨਿਯਮ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।