‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਲੱਗਦੇ ਇਲਾਕੇ ਵਿੱਚ ਪੈਂਦੀਆਂ ਮਹਿੰਗੇ ਭਾਅ ਦੀਆਂ ਇਤਿਹਾਸਿਕ ਯਾਦਗਾਰੀ ਜਮੀਨਾਂ ਬਿਲਡਰਾਂ ਨੂੰ ਗੁਪਤ ਤੌਰ ਉੱਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਯਾਦਗਾਰੀ ਜਮੀਨਾਂ ਵਿੱਚੋਂ 40 ਤੋਂ ਵੱਧ ਸੌਦੇ ਇਕ ਨਾਮੀ ਬਿਲਡਰ ਦੇ ਨਾਂ ਕੀਤੇ ਗਏ ਹਨ। ਇਨ੍ਹਾਂ ਯਾਦਗਾਰਾਂ ਵਿੱਚ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਿਤਾ ਹਰਸ਼ਾ ਸਿੰਘ ਦਾ ਵੀ ਕਾਫੀ ਯੋਗਦਾਨ ਰਿਹਾ ਹੈ। ਇਹ ਦੋਸ਼ ਸਮਾਜ ਸੇਵੀ ਸੰਸਥਾ ਪੰਜਾਬ ਅਗੇਸਟ ਕੁਰੱਪਸ਼ਨ ਦੇ ਅਹੁਦੇਦਾਰ ਸਤਨਾਮ ਦਾਊਂ ਨੇ ਲਗਾਉਂਦਿਆਂ ਮੁੱਖ ਮੰਤਰੀ ਨੇ ਜਾਂਚ ਦੀ ਮੰਗ ਕੀਤੀ ਹੈ।
ਮੁਹਾਲੀ ਪ੍ਰੈੱਸ ਕਲੱਬ ਵਿੱਚ ਕੀਤੀ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਪਿਤਾ ਹਰਸ਼ਾ ਸਿੰਘ, ਸ਼ਹੀਦ ਦੀਆਂ ਯਾਦਗਾਰਾਂ ਕਾਇਮ ਕਰਨ ਵਿੱਚ ਲੱਗੇ ਰਹੇ ਸਨ। ਭਾਰਤ ਦੀ ਆਜ਼ਾਦੀ ਲਹਿਰ ਵਿੱਚ ਗਦਰੀ ਬਾਬਿਆਂ ਦਾ ਵੱਡਾ ਰੋਲ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਕਾਂਸ਼ੀ ਰਾਮ ਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਵੱਡਮੁੱਲਾ ਯੋਗਦਾਨ ਹੈ, ਉਨ੍ਹਾਂ ਦੇ ਨਾਂ ਉੱਤੇ ਜ਼ਮੀਨ ਵੀ ਵੇਚਣੀ ਸ਼ੁਰੂ ਕਰ ਦਿੱਤੀ ਹੈ।
ਸ਼ਹੀਦ ਕਾਂਸ਼ੀ ਰਾਮ ਨੂੰ ਸਮਰਪਿਤ ਸਿੱਖਿਆ ਸੰਸਥਾਵਾਂ ਬਣਾਉਣ ਲਈ 20 ਕਿੱਲੇ ਜਮੀਨ ਪਿੰਡ ਭਾਗੋਮਾਜਰਾ ਨੇ ਸ਼ਰਤਾਂ ਅਧੀਨ ਦਾਨ ਵਿੱਚ ਅਤੇ 17 ਕਿੱਲੇ ਜਮੀਨ ਸਰਪੰਚ ਨਾਨਕ ਸਿੰਘ ਪਿੰਡ ਖਾਨਪੁਰ ਨੇ ਦਿੱਤੀ ਸੀ। ਇਸ ਤੋਂ ਇਲਾਵਾ ਕ੍ਰਿਸ਼ਚਨ ਸਕੂਲ ਖਰੜ ਦੇ ਸਾਹਮਣੇ ਮਹਿੰਗੇ ਭਾਅ ਦੀ ਜਮੀਨ ਜਿਸ ਵਿੱਚ ਇੱਕ ਅੰਗਰੇਜ ਪ੍ਰਿੰਸੀਪਲ ਦੀ ਕੋਠੀ ਅਤੇ ਵਿਦਿਆਰਥੀਆਂ ਦੇ ਰਹਿਣ ਲਈ ਇੱਕ ਹੋਸਟਲ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਲਾਂਡਰਾਂ ਰੋਡ ਤੇ ਇੱਕ ਸਕੂਲ ਬਣਾਉਣ ਲਈ ਜ਼ਮੀਨ ਵੀ ਦਿੱਤੀ ਗਈ ਸੀ ਉਹ ਸਕੂਲ ਦਹਾਕਿਆਂ ਤੋਂ ਬੰਦ ਹੈ। ਇਹਨਾਂ ਜਮੀਨਾਂ ਵਿੱਚ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਅਤੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਫਿਜੀਕਲ ਐਜੂਕੇਸ਼ਨ ਕਾਲਜ ਜੋ ਕਿ ਉੱਤਰੀ ਭਾਰਤ ਵਿੱਚ ਮਸ਼ਹੂਰ ਫਿਜੀਕਲ ਐਜੂਕੇਸ਼ਨ ਸੀ ਆਦਿ ਸਥਾਪਤ ਕੀਤੇ ਗਏ ਸਨ।
ਹੁਣ ਰਾਜਧਾਨੀ ਦੇ ਨੇੜੇ ਹੋਣ ਕਾਰਨ ਇਸ ਇਲਾਕੇ ਵਿੱਚ ਜਮੀਨਾਂ ਦੀਆਂ ਕੀਮਤਾਂ ਪ੍ਰਾਪਰਟੀ ਬੂਮ ਕਰਕੇ ਆਸਮਾਨ ਨੂੰ ਛੋਹ ਰਹੀਆਂ ਹਨ ਜਿਸ ਕਰਕੇ ਵੱਡੇ ਬਿਲਡਰਾਂ ਦੀਆਂ ਲਾਲਚੀ ਨਜਰਾਂ ਇਹਨਾਂ ਕੀਮਤੀ ਜਮੀਨਾਂ ਤੇ ਹਨ। ਜਿਸ ਕਾਰਨ ਟਰੱਸਟ ਪ੍ਰਬੰਧਕਾਂ ਨੇ ਜਮੀਨਾਂ ਦਾ ਕੁੱਝ ਹਿੱਸਾ ਸੰਨ 2003 ਵਿੱਚ 4 ਲੱਖ 66 ਹਜਾਰ ਰੁਪਏ ਵਿੱਚ ਨੀਲਾਮ ਕੀਤਾ, ਫਿਰ ਸਾਲ 2011 ਵਿੱਚ ਕੁੱਝ ਜਮੀਨ ਵੇਚੀ ਗਈ। ਹੁਣ ਸਾਲ 2008 ਤੋਂ ਲੈ ਕੇ ਜੂਨ 2021 ਤੱਕ ਲਗਭਗ 53 ਇੰਤਕਾਲ ਕਰਵਾਏ ਗਏ ਜਿਸ ਵਿੱਚੋਂ 40 ਤੋਂ ਵੱਧ ਸੌਦੇ ਸਿਰਫ ਇੱਕ ਨਾਮੀ ਬਿਲਡਰ ਪ੍ਰਵੀਨ ਕੁਮਾਰ ਪੁੱਤਰ ਅਮਰ ਚੰਦ ਦੇ ਨਾਮ ਕਰਵਾ ਕੇ ਰਜਿਸਟਰੀਆਂ ਅਤੇ ਇੰਤਕਾਲ ਕਰਵਾਏ ਗਏ ਜਿਸ ਕਾਰਨ ਇਹ ਵੀ ਸ਼ੱਕ ਹੈ ਕਿ ਬਾਕੀ ਜਮੀਨਾਂ ਦੇ ਗੁਪਤ ਸੋਦੇ ਵੀ ਹੋਏ ਹੋਣਗੇ।
ਇਸ ਤੋਂ ਇਲਾਵਾ ਟਰੱਸਟ ਵੱਲੋਂ ਹੋਰ ਵੀ ਵੱਡੇ ਘੋਟਾਲੇ ਕਰਨ ਦਾ ਸ਼ੱਕ ਹੈ ਕਿਉਂ ਕਿ ਟਰੱਸਟ ਵੱਲੋਂ ਆਰ ਟੀ ਆਈ ਰਾਹੀਂ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ ਪਰ ਸੂਚਨਾ ਕਮਿਸ਼ਨ ਦਾ ਦਬਾਓ ਪੈਣ ਤੇ ਗਲਤ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ। ਜਾਣਕਾਰੀ ਵਿੱਚ ਕਿਹਾ ਗਿਆ ਕਿ ਟਰੱਸਟ ਅਤੇ ਕਾਲਜ ਦੇ ਨਾਮ ਤੇ ਕੋਈ ਵੀ ਜਮੀਨ ਨਹੀਂ ਹੈ ਅਤੇ ਨਾ ਹੀ ਕੋਈ ਜਮੀਨ ਵੇਚੀ ਗਈ ਹੈ ਅਤੇ ਨਾ ਹੀ ਕਿਸੇ ਵੀ ਜਮੀਨਾਂ ਦੇ ਪੈਸੇ ਲਏ ਗਏ ਹਨ ਜਦੋਂ ਕੇ ਸਾਡੇ ਕੋਲ ਵੇਚੀਆਂ ਜਮੀਨਾਂ ਦਾ ਅਤੇ ਵੇਚੀਆਂ ਜਮੀਨਾਂ ਦੀ ਕੀਮਤ ਲੈਣ ਦਾ ਸਰਕਾਰੀ ਰਿਕਾਰਡ ਮੌਜੂਦ ਹੈ ਜਿਸ ਤੋਂ ਵੱਡੇ ਘਪਲੇ ਦੀ ਬੂ ਆਉਂਦੀ ਹੈ।
ਹੁਣ ਦੋਵੇਂ ਯਾਦਗਾਰੀ ਕਾਲਜ ਬੰਦ ਹੋਣ ਕਿਨਾਰੇ ਹਨ ਲਾਲਚ ਕਾਰਨ ਇਨ੍ਹਾਂ ਯਾਦਗਾਰੀ ਕਾਲਜਾਂ ਦੀਆਂ ਜਮੀਨਾਂ ਲਗਾਤਾਰ ਹੋ ਰਹੇ ਘਪਲਿਆਂ ਕਾਰਨ ਬਿਲਡਰਾਂ ਕੋਲ ਵਿਕ ਰਹੀਆਂ ਹਨ ਅਤੇ ਟਰੱਸਟੀ ਇੱਕ ਸਕੂਲ ਪਹਿਲਾ ਹੀ ਬੰਦ ਕਰ ਚੁੱਕੇ ਹਨ ਅਤੇ ਹੁਣ ਕਾਲਜਾਂ ਦਾ ਭਵਿੱਖ ਵੀ ਧੁੰਦਲਾ ਹੈ।
ਹਾਜਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਗੇਂਸਟ ਕੁਰੱਪਸ਼ਨ ਦੀ ਬੇਨਤੀ ਤੇ ਹਾਈਕੋਰਟ ਦੇ ਮਸ਼ਹੂਰ ਅਤੇ ਸੀਨੀਅਰ ਵਕੀਲ ਸ੍ਰੀ ਆਰ.ਐੱਸ. ਬੈਂਸ ਇਸ ਕੇਸ ਦੀ ਕਨੂੰਨੀ ਪੈਰਵੀ ਵੀ ਕਰਨਗੇ ਅਤੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੇ ਮਨਾਏ ਜਾ ਰਹੇ ਮੇਲੇ ਵਿੱਚ ਇਸ ਸਬੰਧੀ ਵੱਡੇ ਪੱਧਰ ਤੇ ਆਵਾਜ ਵੀ ਉਠਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਵਕੀਲ ਆਰ ਐਸ ਬੈੰਸ ਹਾਈਕੋਰਟ ਚੰਡੀਗੜ੍ਹ ,ਡਾਕਟਰ ਦਲੇਰ ਸਿੰਘ ਮੁਲਤਾਨੀ, ਅਮਰੀਕ ਸਿੰਘ, ਡਾਕਟਰ ਪੂਨਮ ਸ਼ਰਮਾ ਅਮਿਤ ਵਰਮਾ, ਰਜੀਵ ਦੀਵਾਨ ਤੇਜੰਦਰ ਸਿੱਧੂ ਆਦਿ ਵੀ ਹਾਜਰ ਸਨ।