Punjab

ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਗੁਰਮਿੰਦਰ ਸਿੰਘ ਗੈਰੀ (Punjab AG Gurminder Singh) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਕੱਲ੍ਹ ਦੇਰ ਸ਼ਾਮ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਅਸਤੀਫ਼ਾ ਸੌਂਪਿਆ ਹੈ। ਪੰਜਾਬ ਸਰਕਾਰ ਜਲਦੀ ਹੀ ਨਵੇਂ ਐਡਵੋਕੇਟ ਜਨਰਲ ਦਾ ਐਲਾਨ ਕਰ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਅਹੁਦੇ ਲਈ ਸਭ ਤੋਂ ਅੱਗੇ ਦਾਅਵੇਦਾਰਾਂ ਵਿੱਚ ਅਨੁ ਚਤਰਥ, ਪੁਨੀਤ ਬਾਲੀ, ਏਪੀਐਸ ਦਿਓਲ ਅਤੇ ਅਕਸ਼ੈ ਭਾਨ ਸ਼ਾਮਲ ਹਨ।

ਹਾਲਾਂਕਿ, ਇਸ ਸਬੰਧ ਵਿੱਚ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਏਜੀ ਵੱਲੋਂ ਇਸ ਸੰਬੰਧੀ ਕੋਈ ਬਿਆਨ ਆਇਆ ਹੈ। ਗੁਰਮਿੰਦਰ ਸਿੰਘ ਗੈਰੀ ਨੇ 5 ਅਕਤੂਬਰ 2023 ਵਿੱਚ ਐਡਵੋਕੇਟ ਜਨਰਲ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੀ ਨਿਯੁਕਤੀ ਸੀਨੀਅਰ ਵਕੀਲ ਵਿਨੋਦ ਘਈ ਦੇ ਅਸਤੀਫ਼ੇ ਤੋਂ ਬਾਅਦ ਹੋਈ ਸੀ। ਵਿਨੋਦ ਘਈ ਨੇ ਵੀ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਦੋ ਸਾਲਾਂ ਵਿੱਚ ਪੰਜਵਾਂ ਅਸਤੀਫਾ

ਪਿਛਲੇ ਦੋ ਸਾਲਾਂ ਵਿੱਚ, ਪੰਜਾਬ ਵਿੱਚ ਐਡਵੋਕੇਟ ਜਨਰਲ ਦੇ ਅਹੁਦੇ ਵਿੱਚ ਕਈ ਬਦਲਾਅ ਹੋਏ ਹਨ। ਇਸ ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਅਤੇ ਵਿਨੋਦ ਘਈ ਇਸ ਅਹੁਦੇ ‘ਤੇ ਰਹਿ ਚੁੱਕੇ ਹਨ। ਪਿਛਲੇ ਦੋ ਸਾਲਾਂ ਵਿੱਚ, ਪੰਜਾਬ ਵਿੱਚ ਪੰਜ ਐਡਵੋਕੇਟ ਜਨਰਲਾਂ ਨੇ ਅਸਤੀਫ਼ਾ ਦੇ ਦਿੱਤਾ ਹੈ, ਜਿਨ੍ਹਾਂ ਵਿੱਚੋਂ ਇੱਕ ਨੇ ਸਿਰਫ਼ ਇੱਕ ਮਹੀਨੇ ਲਈ ਇਸ ਅਹੁਦੇ ‘ਤੇ ਕੰਮ ਕੀਤਾ। ਹਾਲਾਂਕਿ ਇਸ ਅਸਤੀਫ਼ੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਹੈ, ਪਰ ਇਹ ਤਬਦੀਲੀ ਰਾਜ ਦੀ ਕਾਨੂੰਨੀ ਪ੍ਰਣਾਲੀ ਵਿੱਚ ਅਸਥਿਰਤਾ ਨੂੰ ਦਰਸਾਉਂਦੀ ਹੈ।