Punjab

AAP ਵਿਧਾਇਕ ਲਾਲਪੁਰਾ ਨੂੰ ਅੱਜ ਸਜ਼ਾ ਸੁਣਾਵੇਗੀ ਅਦਾਲਤ, 12 ਸਾਲ ਪੁਰਾਣੇ ਛੇੜਛਾੜ ਦੇ ਕੇਸ ’ਚ ਦੋਸ਼ੀ ਕਰਾਰ

ਬਿਊਰੋ ਰਿਪੋਰਟ (12 ਸਤੰਬਰ, 2023): ਤਰਨ ਤਾਰਨ ਦੀ ਅਦਾਲਤ ਵੱਲੋਂ ਅੱਜ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਸੁਣਾਈ ਜਾਵੇਗੀ। 10 ਸਤੰਬਰ ਨੂੰ ਅਦਾਲਤ ਨੇ ਉਨ੍ਹਾਂ ਨੂੰ 12 ਸਾਲ ਪਹਿਲਾਂ ਇਕ ਲੜਕੀ ਨਾਲ ਛੇੜਛਾੜ ਤੇ ਕੁੱਟਮਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।

ਇਸ ਕੇਸ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ 5 ਪੁਲਿਸ ਅਧਿਕਾਰੀ- ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ, ਗਗਨਦੀਪ ਸਿੰਘ ਅਤੇ ਪੁਲਿਸ ਅਧਿਕਾਰੀ ਨਰਿੰਦਰਜੀਤ ਸਿੰਘ ਅਤੇ ਗੁਰਦੀਪ ਰਾਜ ਨੂੰ ਨਿਆਂਇਕ ਹਿਰਾਸਤ ’ਚ ਨਹੀਂ ਭੇਜਿਆ ਗਿਆ। ਇਨ੍ਹਾਂ ਤਿੰਨਾਂ ਨੂੰ ਵੀ ਅੱਜ ਅਦਾਲਤ ’ਚ ਤਲਬ ਕੀਤਾ ਗਿਆ ਹੈ।

ਇਹ ਸਾਰਾ ਮਾਮਲਾ ਸਾਲ 2013 ਦਾ ਹੈ। ਉਸ ਵੇਲੇ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਡਰਾਈਵਰ ਸਨ। ਉਨ੍ਹਾਂ ’ਤੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਈ ਲੜਕੀ ਨਾਲ ਕੁੱਟਮਾਰ ਕਰਨ ਅਤੇ ਟੈਕਸੀ ਡਰਾਈਵਰਾਂ ਵੱਲੋਂ ਛੇੜਛਾੜ ਦੇ ਗੰਭੀਰ ਇਲਜ਼ਾਮ ਲੱਗੇ ਸਨ।

ਵਿਧਾਇਕ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਕੇਸ ਇਕ ਦਲਿਤ ਲੜਕੀ ਨਾਲ ਕੁੱਟਮਾਰ ਸੰਬੰਧੀ ਹੈ ਅਤੇ ਅਸੀਂ ਇਸ ਫੈਸਲੇ ਨੂੰ ਹਾਈਕੋਰਟ ’ਚ ਚੁਣੌਤੀ ਦੇਵਾਂਗੇ।