ਬਿਊਰੋ ਰਿਪੋਰਟ : ਪੰਜਾਬ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟ (HSRP) ਲਗਵਾਉਣ ਦਾ 30 ਜੂਨ ਅਖੀਰਲਾ ਦਿਨ ਹੈ ਜੇਕਰ ਗੱਡੀਆਂ ਵਿੱਚ HSRP ਪਲੇਟ ਨਹੀਂ ਲਗਵਾਈ ਤਾਂ 1 ਜੁਲਾਈ ਤੋਂ ਪੰਜਾਬ ਦੀਆਂ ਗੱਡੀਆਂ ਦੇ ਚਲਾਨ ਕੱਟਣੇ ਸ਼ੁਰੂ ਹੋ ਜਾਣਗੇ। ਚਲਾਨ ਹੋਣ ਨਾਲ ਤੁਹਾਨੂੰ 1,2 ਨਹੀਂ ਬਲਕਿ ਪੂਰੇ 3 ਹਜ਼ਾਰ ਦੇਣੇ ਹੋਣਗੇ । ਜੇਕਰ ਇਸ ਦੇ ਬਾਵਜੂਦ ਤੁਸੀਂ ਨੰਬਰ ਪਲੇਟ ਨਹੀਂ ਲਗਵਾਈ ਤਾਂ ਗੱਡੀਆਂ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ ।
ਪੰਜਾਬ ਦੀਆਂ ਸਾਰੀਆਂ ਗੱਡੀਆਂ ਭਾਵੇਂ ਉਹ ਸਕੂਟਰ,ਬਾਈਕ,ਕਾਰ,ਟਰੱਕ,ਟੈਂਪੂ ਹੋਵੇ ਹਰ ਇੱਕ ‘ਤੇ HSRP ਪਲੇਟ ਲੱਗਣੀ ਜ਼ਰੂਰੀ ਹੈ । ਲੋਕਲ ਅਤੇ ਨਿੱਜੀ ਨੰਬਰ ਪਲੇਟ ਨਹੀਂ ਚੱਲੇਗੀ। ਪੰਜਾਬ ਸਰਕਾਰ ਨੇ ਲੋਕਾਂ ਨੂੰ 30 ਜੂਨ ਤੱਕ ਗੱਡੀਆਂ ਵਿੱਚ HSRP ਨੰਬਰ ਪਲੇਟ ਲਗਾਉਣ ਦਾ ਅਲਟੀਮੇਟਮ ਦਿੱਤਾ ਸੀ । ਵੱਡੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਨੰਬਰ ਪਲੇਟ ਲਗਵਾਉਣ ਦੀ ਤਰੀਕ ਨੂੰ ਅੱਗੇ ਨਹੀਂ ਵਧਾਇਆ ਗਿਆ ਹੈ । ਨਤੀਜੇ ਵੱਜੋ ਇੱਕ ਜੁਲਾਈ ਤੋਂ ਟਰੈਫ਼ਿਕ ਪੁਲਿਸ ਅਲਰਟ ‘ਤੇ ਹੈ ।
ਪਹਿਲਾਂ 2 ਹਜ਼ਾਰ ਹੁਣ 3 ਹਜ਼ਾਰ ਦਾ ਚਲਾਨ ਕੱਟੇਗਾ
ਗੱਡੀਆਂ ‘ਤੇ HSRP ਨੰਬਰ ਪਲੇਟ ਨਹੀਂ ਲੱਗੀ ਹੋਣ ‘ਤੇ ਪਹਿਲੀ ਵਾਰ 2 ਹਜ਼ਾਰ ਰੁਪਏ ਦਾ ਚਲਾਨ ਭਰਨਾ ਪੈ ਸਕਦਾ ਹੈ । ਜੇਕਰ ਮੁੜ ਤੋਂ ਚਲਾਨ ਕੱਟਿਆ ਤਾਂ 3 ਹਜ਼ਾਰ ਰੁਪਏ ਦੇਣੇ ਹੋਣਗੇ । ਇਸ ਤੋਂ ਇਲਾਵਾ ਅਜਿਹੀ ਗੱਡੀਆਂ ਨੂੰ ਬਲੈਕ ਲਿਸਟ ਵੀ ਕੀਤਾ ਜਾ ਸਕਦਾ ਹੈ। ਬਿਨਾਂ HSRP ਨੰਬਰ ਪਲੇਟ ਲੱਗੀਆਂ ਗੱਡੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਖ਼ਾਸ ਮੁਹਿੰਮ ਚਲਾਈ ਜਾਵੇਗੀ ।
ਪੰਜਾਬ ਸਰਕਾਰ ਨੇ ਵਾਧੂ ਸਮੇਂ ਤੱਕ ਛੋਟ ਦਿੱਤੀ ਸੀ
ਜ਼ਿਕਰਯੋਗ ਹੈ ਕਿ ਕੇਂਦਰੀ ਮੋਟਰ ਵਹੀਕਲ ਨਿਯਮ 1989 ਦੇ ਰੂਲ 50 ਦੇ ਮੁਤਾਬਿਕ ਸਾਰੀਆਂ ਗੱਡੀਆਂ ਦੇ ਲਈ HSRP ਲਗਾਉਣਾ ਜ਼ਰੂਰੀ ਹੈ । ਇਸ ਨਿਯਮ ਨੂੰ 1 ਅਪ੍ਰੈਲ 2019 ਤੋਂ ਜ਼ਰੂਰੀ ਕੀਤਾ ਗਿਆ ਸੀ । ਪਰ ਪੰਜਾਬ ਸਰਕਾਰ ਵੱਲੋਂ 4 ਸਾਲ ਦੀ ਛੋਟ ਦਿੱਤੀ ਗਈ । ਪਰ ਹੁਣ 30 ਜੂਨ ਤੋਂ 2023 ਤੱਕ ਗੱਡੀਆਂ ‘ਤੇ HSRP ਨੰਬਰ ਪਲੇਟ ਲਗਵਾਉਣਾ ਜ਼ਰੂਰੀ ਕੀਤਾ ਗਿਆ ਹੈ । ਹਰ ਨਵੇਂ ਅਤੇ ਪੁਰਾਣੀ ਗੱਡੀ ‘ਤੇ HSRP ਨੰਬਰ ਪਲੇਟ ਲਗਾਉਣਾ ਜ਼ਰੂਰੀ ਹੈ ।
ਪੰਜਾਬ ਟਰਾਂਸਪੋਰਟ ਦੀ ਵੈੱਬਸਾਈਟ ‘ਤੇ ਸੰਪਰਕ ਕਰੋ
ਪੰਜਾਬ ਵਿੱਚ HSRP ਫਿਟਨੈੱਸ ਦੇ ਲਈ http://www.punjabtransport.org ‘ਤੇ ਅਪਲਾਈ ਕੀਤਾ ਜਾ ਸਕਦਾ ਹੈ । 1 ਅਪ੍ਰੈਲ 2019 ਤੋਂ ਪਹਿਲਾਂ ਵਿਕਿਆਂ ਗੱਡੀਆਂ ਨੂੰ http://www.punjabhsrp.in ‘ਤੇ ਅਪਲਾਈ ਕਰਨਾ ਹੋਵੇਗਾ । ਇਸ ਦੇ ਬਾਅਦ ਨੰਬਰ ਪਲੇਟ ਫਿਕਸ ਕਰਵਾਉਣ ਦੀ ਤਰੀਕ,ਸਮਾ ਅਤੇ ਸੈਂਟਰ ਦੀ ਚੋਣ ਕਰਨੀ ਹੋਵੇਗੀ । ਇਸ ਵੈੱਬਸਾਈਟ ‘ਤੇ ਹੋਮ ਫਿਟਨੈੱਸ ਵੀ ਹੈ । ਪਰ ਉਸ ਦੇ ਲਈ ਤੁਹਾਨੂੰ ਵੱਧ ਖ਼ਰਚ ਦੇਣਾ ਹੋਵੇਗਾ,ਉੱਧਰ 1 ਅਪ੍ਰੈਲ 2019 ਦੇ ਬਾਅਦ ਬਣੀਆਂ ਗੱਡੀਆਂ ਨੂੰ ਮੋਟਰ ਵਹੀਕਲ ਡੀਲਰ ਨਾਲ ਸੰਪਰਕ ਕਰਨਾ ਹੋਵੇਗਾ ।