ਬਿਉਰੋ ਰਿਪੋਰਟ : ਇੱਕ ਪੁਲਿਸ ਵਾਲਾ ਰਾਤੋ ਰਾਤ ਕਰੋੜ ਪਤੀ ਬਣ ਗਿਆ । ਪਰ ਉਸ ਦੀ ਇਹ ਖੁਸ਼ੀ ਕੁਝ ਹੀ ਮਿੰਟਾਂ ਵਿੱਚ ਗਾਇਬ ਹੋ ਗਈ ਜਦੋਂ ਵਿਭਾਗ ਵੱਲੋਂ ਉਸ ਨੂੰ ਸਸਪੈਂਡ ਹੋਣ ਦਾ ਪੱਤਰ ਮਿਲਿਆ । ਪੁਲਿਸ ਵਿਭਾਗ ਨੇ ਉਸ ਦੇ ਕਰੋੜ ਪਤੀ ਬਣਨ ਦੀ ਵਜ੍ਹਾ ਕਰਕੇ ਉਸ ਨੂੰ ਸਸਪੈਂਡ ਕੀਤਾ ਹੈ । ਤੁਸੀਂ ਸੁਣ ਕੇ ਹੈਰਾਨ ਹੋਵੋ ਪਰ ਇਹ ਸੱਚ ਹੈ । ਹੁਣ ਪੁਲਿਸ ਵਾਲੇ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਡੇਢ ਕਰੋੜ ਲਏ ਜਾਂ ਫਿਰ ਨੌਕਰੀ ਲਈ ਮੁੜ ਤੋਂ ਬਹਾਲ ਹੋਵੇ ।
ਦਰਾਅਸਲ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਇੰਸਪੈਕਟਰ ਸੋਮਨਾਥ ਨੇ ਡ੍ਰੀਮ ਇਲੈਵਨ ਆਨ ਲਾਈਨ ਗੇਮ ਤੋਂ ਡੇਢ ਕਰੋੜ ਜਿੱਤਿਆ ਹੈ । ਇਸ ਨੂੰ ਅਦਾਲਤ ਵੱਲੋਂ ਮਾਨਤਾ ਹੈ ਅਤੇ ਭਾਰਤੀ ਕ੍ਰਿਕਟ ਟੀਮ ਦੀ ਸਪਾਂਸਰ ਵੀ ਹੈ । ਉਸ ਨੇ ਇੰਗਲੈਂਡ ਬੰਗਲਾਦੇਸ਼ ਮੈਚ ਵਿੱਚ ਪੈਸੇ ਲਗਾਏ ਸਨ । ਜਿਸ ਤੋਂ ਬਾਅਦ ਉਹ ਡੇਢ ਕਰੋੜ ਜਿੱਤ ਗਿਆ । ਇੰਸਪੈਕਟਰ ਸੋਮਨਾਥ ਮੁਤਾਬਿਕ ਉਸ ਨੇ ਪਹਿਲੀ ਵਾਰ ਗੇਮ ਖੇਡੀ ਸੀ । ਪਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਉਸ ਨੂੰ ਇਸ ਵਜ੍ਹਾ ਨਾਲ ਸਸਪੈਂਡ ਕਰ ਦਿੱਤਾ ।
ਪੁਲਿਸ ਦਾ ਤਰਕ ਹੈ ਕਿ ਸੋਮਨਾਥ ਨੇ ਡਿਉਟੀ ਦੇ ਸਮੇਂ ਇਹ ਗੇਮ ਖੇਡੀ ਹੈ,ਜਿਸ ਦੀ ਵਜ੍ਹਾ ਕਰਕੇ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਸੋਮਨਾਥ ‘ਤੇ ਇਹ ਵੀ ਇਲਜ਼ਾਮ ਹੈ ਕਿ ਉਸ ਨੇ ਪੁਲਿਸ ਦੀ ਵਰਦੀ ਵਿੱਚ ਡ੍ਰੀਮ ਇਲੈਵਨ ਦੇ ਡੇਢ ਕਰੋੜ ਦੇ ਇਨਾਮ ਦਾ ਜੇਤੂ ਬਣਨ ਤੋਂ ਬਾਅਦ ਇੰਟਰਵਿਊ ਦਿੱਤਾ। ਇਲਜ਼ਾਮਾਂ ਮੁਤਾਬਿਕ ਸੋਮਨਾਥ ਨੇ ਅਜਿਹਾ ਕਰਕੇ ਡ੍ਰੀਮ ਇਲੈਵਨ ਦਾ ਪ੍ਰਮੋਸ਼ਨ ਕੀਤਾ ਅਤੇ ਲੋਕਾਂ ਨੂੰ ਸੱਟੇਬਾਜ਼ੀ ਲਈ ਉਤਸ਼ਾਹਿਤ ਕੀਤਾ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਮਨਾਥ ਨੂੰ ਜੇਕਰ ਅਜਿਹੀ ਗੇਮ ਖੇਡਣੀ ਸੀ ਤਾਂ ਉਸ ਨੂੰ ਪਹਿਲਾਂ ਸੀਨੀਅਰ ਅਧਿਕਾਰੀਆਂ ਤੋਂ ਇਜਾਜ਼ਤ ਲੈਣੀ ਚਾਹੀਦੀ ਸੀ ।
ਵੱਡਾ ਸਵਾਲ ਇਹ ਹੈ ਕਿ ਜਦੋਂ ਦੇਸ਼ ਦੀ ਸੁਪਰੀਮ ਅਦਾਲਤ ਨੇ ਆਨ ਲਾਈਨ ਗੇਮਿਗ ਨੂੰ ਇਜਾਜ਼ਤ ਦਿੱਤੀ ਹੈ ਅਤੇ ਭਾਰਤੀ ਕ੍ਰਿਕਟ ਟੀਮ ਦੀ ਇਹ ਸਪੋਂਸਰ ਹੈ ਅਤੇ ਰੋਜ਼ਾਨਾ ਅਖਬਾਰਾਂ ਅਤੇ ਟੀਵੀ ਵਿੱਚ ਕੰਪਨੀ ਵੱਲੋਂ ਇਸ਼ਤਿਆਰ ਦਿੱਤੇ ਜਾਂਦੇ ਹਨ ਤਾਂ ਇਹ ਸੱਟੇਬਾਜ਼ੀ ਕਿਵੇਂ ਹੋ ਗਈ ? ਪੁਲਿਸ ਮੁਲਾਜ਼ਮ ਦੇ ਲਈ ਵੱਖ ਤੋਂ ਕਾਨੂੰਨ ਕਿਵੇਂ ਹੋ ਸਕਦਾ ਹੈ।