India

ਦਿੱਲੀ ਵਿੱਚ ਆਮ ਲੋਕਾਂ ਦਾ ਭੜਕਿਆ ਗੁੱਸਾ,ਘੇਰੇ LG house ਤੇ ਸੁਲਤਾਨਪੁਰੀ ਥਾਣਾ

ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ “ਮਾੜੀ” ਕਾਨੂੰਨ ਵਿਵਸਥਾ ਦੀ ਸਥਿਤੀ ਦੇ ਖਿਲਾਫ ਲੋਕਾਂ ਵਿੱਚ ਗੁੱਸਾ ਭੜਕ ਉੱਠਿਆ ਹੈ ਤੇ ਉਹਨਾਂ ਇਕੱਠੇ ਹੋ ਕੇ ਰਾਸ਼ਟਰੀ ਰਾਜਧਾਨੀ ਵਿੱਚ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਦੀ ਰਿਹਾਇਸ਼ ਅਤੇ ਸੁਲਤਾਨਪੁਰੀ ਥਾਣੇ ਦਾ ਘਿਰਾਓ ਤੇ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਦੌਰਾਨ ਇਕੱਠੇ ਹੋਏ ਪ੍ਰਦਰਸ਼ਨਕਾਰੀ ਐਲਜੀ ਦੇ ਖਿਲਾਫ ਨਾਅਰੇਬਾਜੀ ਕਰ ਰਹੇ ਹਨ ਤੇ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੌਰਾਨ ਪੁਲਿਸ ਨੇ ਇਕੱਠੀ ਹੋਈ ਭੀੜ ‘ਤੇ ਪਾਣੀ ਦੀਆਂ ਬੁਛਾੜ ਵੀ ਕੀਤੀ ਹੈ।

ਦਸਣਯੋਗ ਹੈ ਕਿ ਨਵੇਂ ਸਾਲ ਦੀ ਰਾਤ ਨੂੰ ਐਕਟੀਵਾ ਸਵਾਰ ਇੱਕ ਲੜਕੀ ਨੂੰ ਕੁੱਝ ਵਿਅਕਤੀਆਂ ਵੱਲੋਂ ਗੱਡੀ ਰਾਹੀਂ ਟੱਕਰ ਮਾਰ ਦਿੱਤੀ ਗਈ ਤੇ ਫਿਰ ਕਈ ਕਿਲੋਮੀਟਰ ਤੱਕ ਘੜੀਸਿਆ ਗਿਆ,ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ । ਹਾਲਾਂਕਿ ਪੁਲਿਸ ਨੇ ਇਹਨਾਂ ਪੰਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਜਰੂਰ ਕੀਤਾ ਗਿਆ ਪਰ ਗੈਰ-ਇਰਾਦਾ ਕਤਲ ਦੀਆਂ ਧਾਰਾਵਾਂ ਹੀ ਲਗਾਈਆਂ ਹਨ । ਮੁਲਜ਼ਮਾਂ ਦਾ ਭਾਜਪਾ ਨਾਲ ਸਬੰਧ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ,ਜਿਸ ਕਾਰਨ ਆਮ ਲੋਕਾਂ ਵਿੱਚ ਰੋਹ ਭੜਕ ਉੱਠਿਆ ਹੈ।

ਮ੍ਰਿਤਕਾ ਦੇ ਪਰਿਵਾਰ ਨੇ ਵੀ ਡਰ ਜ਼ਾਹਿਰ ਕੀਤਾ ਹੈ ਕਿ ਦੋਸ਼ੀ ਪੁਲਿਸ ਨੂੰ ਪੈਸੇ ਦੇ ਕੇ ਛੁੱਟ ਸਕਦੇ ਹਨ ਤੇ ਇਸ ਸਾਰੀ ਘਟਨਾ ਲਈ ਇਨਸਾਫ ਦੀ ਮੰਗ ਵੀ ਪਰਿਵਾਰ ਵਲੋਂ ਕੀਤੀ ਗਈ ਹੈ । ਇਸ ਲੜਕੀ ਦੇ ਪਰਿਵਾਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਹਨ। ਇਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਮਾਤਾ ਵੀ ਮੰਜੇ ਤੇ ਬੀਮਾਰ ਪਈ ਹੈ। ਮਾਰੀ ਗਈ ਲੜਕੀ ਹੀ ਇਸ ਪਰਿਵਾਰ ਦੀ ਕਮਾਊ ਮੈਂਬਰ ਸੀ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਇਸ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ ਤੇ ਇਸ ਸਬੰਧ ਵਿੱਚ ਦਿੱਲੀ ਦੇ ਲੈਫਟੀਨੇਟ ਗਵਰਨਰ ਨਾਲ ਗੱਲਬਾਤ ਕੀਤੀ ਹੈ ਅਤੇ ਕਿਹਾ ਕਿ ਦੋਸ਼ੀਆਂ ਨੂੰ ‘ਸਖਤ ਤੋਂ ਸਖ਼ਤ ਸਜ਼ਾ’ ਮਿਲਣੀ ਚਾਹੀਦੀ ਹੈ।

ਉਨ੍ਹਾਂ ਨੇ ਟਵੀਟ ਵੀ ਕੀਤਾ, ”ਕਾਂਝਵਾਲਾ ‘ਚ ਸਾਡੀ ਭੈਣ ਨਾਲ ਜੋ ਹੋਇਆ ਉਹ ਬੇਹੱਦ ਸ਼ਰਮਨਾਕ ਹੈ। ਮੈਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪੁਲਸ ਨੇ ਦੱਸਿਆ ਕਿ ਔਰਤ ਦੀ ਮੌਤ ਦੇ ਸਬੰਧ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਔਰਤ ਦੀ ਸਕੂਟੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਦੋਸ਼ੀ ਸਵਾਰ ਸਨ।