India Punjab

PU ਚੋਣਾਂ ਤੋਂ ਪਹਿਲਾਂ NSUI ’ਚ ਫੁੱਟ! ਪ੍ਰਧਾਨ ਸਿਕੰਦਰ ਬੂਰਾ ਨੇ ਚੱਲਦੀ ਪ੍ਰੈਸ ਕਾਨਫਰੰਸ ’ਚ ਦਿੱਤਾ ਅਸਤੀਫ਼ਾ! ਰਾਹੁਲ ਨੈਨ ਨਵੇਂ ਪ੍ਰਧਾਨ

ਬਿਉਰੋ ਰਿਪੋਰਟ: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ (NSUI) ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ, NSUI ਪ੍ਰਧਾਨ ਸਿਕੰਦਰ ਬੂਰਾ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਅਤੇ ਵਾਕਆਊਟ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਬੂਰਾ ਵਲੋਂ ਨਵੇਂ ਪ੍ਰਧਾਨ ਦੇ ਉਮੀਦਵਾਰ ਦੇ ਨਾਮ ਤੇ ਨਰਾਜ਼ਗੀ ਜਤਾਉਂਦੇ ਹੋਏ ਪ੍ਰੈਸ ਕਾਨਫਰੰਸ ਵਿੱਚ ਹੀ ਅਸਤੀਫ਼ਾ ਦੇ ਦਿੱਤਾ ਗਿਆ। ਉਨ੍ਹਾਂ ਦਿੱਲੀ ਤੋਂ ਆ ਰਹੇ ਪਾਰਟੀ ਆਦੇਸ਼ਾਂ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ।

ਇਸ ਤੋਂ ਬਾਅਦ ਰਾਹੁਲ ਨੈਨ ਨੂੰ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਅਰਚਿਤ ਗਰਗ ਨੂੰ ਮੀਤ ਪ੍ਰਧਾਨ ਅਤੇ ਅਨੁਰਾਗ ਦਲਾਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਐਨਐਸਯੂਆਈ ਦੇ ਸੀਨੀਅਰ ਆਗੂ ਐਸਐਸ ਲੱਕੀ ਨੇ ਕਿਹਾ ਕਿ ਜਲਦੀ ਹੀ ਜਥੇਬੰਦੀ ਅੰਦਰ ਸਮਝੌਤਾ ਕਰ ਲਿਆ ਜਾਵੇਗਾ ਅਤੇ ਸਾਰੇ ਮਸਲੇ ਹੱਲ ਕਰ ਲਏ ਜਾਣਗੇ।

ਸੂਤਰਾਂ ਮੁਤਾਬਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਐਚਐਸ ਲੱਕੀ ਨਾਲ ਫ਼ੋਨ ’ਤੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਨੈਨ ਦਾ ਨਾਂ ਪੱਕਾ ਹੈ। ਉਮੀਦਵਾਰ ਦੇ ਨਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਦੂਜੇ ਪਾਸੇ ਸਿਕੰਦਰ ਨੇ ਕਿਹਾ ਕਿ ਮੈਂ ਆਪਣਾ ਅਸਤੀਫਾ ਸੋਸ਼ਲ ਮੀਡੀਆ ’ਤੇ ਪੋਸਟ ਕਰਾਂਗਾ। ਹੁਣ ਸਮਝੌਤੇ ਦੀ ਕੋਈ ਉਮੀਦ ਨਹੀਂ ਬਚੀ ਹੈ। ਮੇਰਾ ਅੰਤਿਮ ਫੈਸਲਾ ਅਸਤੀਫਾ ਦੇਣਾ ਹੀ ਹੈ।