ਬਿਊਰੋ ਰਿਪੋਰਟ (7 ਨਵੰਬਰ 2025): ਵੀਰਵਾਰ ਨੂੰ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਤੋਂ ਬਾਅਦ ‘ਆਪ’ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਾਲਵਿੰਦਰ ਕੰਗ ਪੰਜਾਬ ਯੂਨੀਵਰਸਿਟੀ (PU) ਪਹੁੰਚੇ ਸਨ ਜਿੱਥੇ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਤੋਂ ਬਾਅਦ ਮੋਰਚੇ ਦੇ ਕੁਝ ਮੈਂਬਰਾਂ ਵੱਲੋਂ ਦੇਰ ਰਾਤ ਇੱਕ ਵੀਡੀਓ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ “BJP ਅਤੇ RSS ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਾ ਇੱਥੇ ਆਉਣ ‘ਤੇ ਦਿਲੋਂ ਸਵਾਗਤ ਕਰਦੇ ਹਾਂ।”
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅੱਜ ਦੀ ਘਟਨਾ ਕੁਝ ਵਿਦਿਆਰਥੀਆਂ ਵੱਲੋਂ ਆਪਣੇ ਪੱਧਰ ’ਤੇ ਕੀਤੀ ਗਈ ਸੀ। ਇਸ ਤੋਂ ਬਾਅਦ ਮੋਰਚੇ ’ਤੇ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਵੇਗੀ ਅਤੇ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੀ ਗ਼ਲਤੀ ਮੰਨ ਲਈ ਹੈ। ਇਹ ਵੀਡੀਓ ਪੂਰੇ ਮੋਰਚੇ ਵੱਲੋਂ ਜਾਰੀ ਕੀਤਾ ਗਿਆ ਹੈ ਜਾਂ ਕਿਸੇ ਇੱਕ ਗੁੱਟ ਵੱਲੋਂ, ਇਸ ਬਾਰੇ ਅਜੇ ਤੱਕ ਮੋਰਚੇ ਦੇ ਨੇਤਾਵਾਂ ਦੀ ਅਧਿਕਾਰਤ ਪ੍ਰਤੀਕਿਰਿਆ ਨਹੀਂ ਮਿਲੀ ਹੈ।
ਦਰਅਸਲ ‘ਆਪ’ ਲੀਡਰ ਇੱਥੇ ਦੱਸਣਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਪਾਰਟੀ ਵਿਦਿਆਰਥੀਆਂ ਦੇ ਨਾਲ ਹੈ। ਪਰ, ਉੱਥੇ ਪਹੁੰਚਦੇ ਹੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਵਿਦਿਆਰਥੀਆਂ ਨੇ ਸਵਾਲ ਕੀਤਾ ਕਿ ਜਦੋਂ ਅਰਵਿੰਦ ਕੇਜਰੀਵਾਲ ’ਤੇ ਕੁਝ ਹੁੰਦਾ ਹੈ ਤਾਂ 92 ਵਿਧਾਇਕ ਧਰਨਾ ਦੇਣ ਲਈ ਦਿੱਲੀ ਪਹੁੰਚ ਜਾਂਦੇ ਹਨ, ਪਰ ਸਾਡੇ ਨਾਲ ਕੋਈ ਕਿਉਂ ਨਹੀਂ ਬੈਠਾ? ਇਸ ਦੌਰਾਨ ਵਿਦਿਆਰਥੀਆਂ ਨੇ ਉਨ੍ਹਾਂ ਦੀ ‘ਮੁਰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਵਿਦਿਆਰਥੀਆਂ ਦਾ ਗੁੱਸਾ ਦੇਖ ਕੇ ਦੋਵੇਂ ਸੰਸਦ ਮੈਂਬਰ ਉੱਥੋਂ ਚਲੇ ਗਏ।
ਵਿਦਿਆਰਥੀਆਂ ਨੇ ਪੁੱਛਿਆ- ਪ੍ਰਸਤਾਵ-ਪ੍ਰਸਤਾਵ ਕਿਉਂ ਖੇਡ ਰਹੀ ਪੰਜਾਬ ਸਰਕਾਰ?
ਸੰਸਦ ਮੈਂਬਰਾਂ ਦੇ ਸਾਹਮਣੇ ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਜੇ ਤੱਕ ‘ਪ੍ਰਸਤਾਵ-ਪ੍ਰਸਤਾਵ’ ਕਿਉਂ ਖੇਡ ਰਹੀ ਹੈ ਅਤੇ ਸੜਕਾਂ ’ਤੇ ਧਰਨਾ ਪ੍ਰਦਰਸ਼ਨ ਕਿਉਂ ਨਹੀਂ ਹੋ ਰਹੇ। ਸੰਸਦ ਮੈਂਬਰ ਮੀਤ ਹੇਅਰ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਹ ਗਵਰਨਰ ਨੂੰ ਮਿਲ ਕੇ ਆਏ ਹਨ। ਵਿਦਿਆਰਥੀਆਂ ਨੇ ਇਸ ਨੂੰ ਖਾਰਜ ਕਰਦਿਆਂ ਕਿਹਾ ਕਿ ਤੁਸੀਂ ਧਰਨਾ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੇ। 10 ਨਵੰਬਰ ਨੂੰ ਯੂਨੀਵਰਸਿਟੀ ਬੰਦ ਦੀ ਕਾਲ ਹੈ, ਤੁਸੀਂ ਪੰਜਾਬ ਬੰਦ ਦਾ ਐਲਾਨ ਕਿਉਂ ਨਹੀਂ ਕਰਦੇ?
ਜਦੋਂ ਵਿਦਿਆਰਥੀਆਂ ਦੇ ਅੱਗੇ ਮੀਤ ਹੇਅਰ ਦੀ ਨਹੀਂ ਚੱਲੀ ਤਾਂ ਉਹ ਉੱਥੋਂ ਚਲੇ ਗਏ। ਇਸ ਤੋਂ ਤੁਰੰਤ ਬਾਅਦ ਵਿਦਿਆਰਥੀ ਨੇਤਾਵਾਂ ਨੇ ਮਾਲਵਿੰਦਰ ਸਿੰਘ ਕੰਗ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਤੋਂ ਵੀ ਪੁੱਛਿਆ ਗਿਆ ਕਿ ਜਦੋਂ ਅਰਵਿੰਦ ਕੇਜਰੀਵਾਲ ’ਤੇ ਕੁਝ ਹੁੰਦਾ ਹੈ ਤਾਂ ਸਾਰੇ 92 ਵਿਧਾਇਕ ਦਿੱਲੀ ਜਾ ਕੇ ਧਰਨਾ ਦਿੰਦੇ ਹਨ, ਸਾਡੇ ਨਾਲ ਕੋਈ ਕਿਉਂ ਨਹੀਂ ਬੈਠਾ। ਇਸ ’ਤੇ ਉਹ ਵੀ ਗੱਡੀ ਵਿੱਚ ਬੈਠ ਕੇ ਚਲੇ ਗਏ। ਵਿਦਿਆਰਥੀਆਂ ਨੇ ਇਸ ਤੋਂ ਬਾਅਦ ਵੀ ਉਨ੍ਹਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

