The Khalas Tv Blog India ਪੰਜਾਬ ਸਰਕਾਰ ਨੇ PU ਨੂੰ ਨਹੀਂ ਦਿੱਤੀ ਗ੍ਰਾਂਟ! ਨਵੇਂ ਹੋਸਟਲ ਦਾ ਕੰਮ ਲਟਕਿਆ, ਅਧੂਰੇ ਨਿਰਮਾਣ ਕਾਰਨ 22 ਵੱਡੇ ਦਰਵਾਜ਼ੇ ਤੇ 177 ਟੈਂਕੀਆਂ ਚੋਰੀ
India Punjab

ਪੰਜਾਬ ਸਰਕਾਰ ਨੇ PU ਨੂੰ ਨਹੀਂ ਦਿੱਤੀ ਗ੍ਰਾਂਟ! ਨਵੇਂ ਹੋਸਟਲ ਦਾ ਕੰਮ ਲਟਕਿਆ, ਅਧੂਰੇ ਨਿਰਮਾਣ ਕਾਰਨ 22 ਵੱਡੇ ਦਰਵਾਜ਼ੇ ਤੇ 177 ਟੈਂਕੀਆਂ ਚੋਰੀ

ਬਿਉਰੋ ਰਿਪੋਰਟ: ਪੰਜਾਬ ਯੂਨੀਵਰਸਿਟੀ (PU) ਨੂੰ ਗਰਲਜ਼ ਹੋਸਟਲ ਨੰਬਰ 11 ਦੀਆਂ ਮੰਜ਼ਿਲਾਂ ਜੋੜਨ ਅਤੇ ਲੜਕਿਆਂ ਦੇ ਨਵੇਂ ਹੋਸਟਲ ਦੀ ਉਸਾਰੀ ਲਈ ਪੰਜਾਬ ਸਰਕਾਰ ਤੋਂ ਗ੍ਰਾਂਟ ਨਹੀਂ ਮਿਲ ਸਕੀ ਹੈ। ਪੀਯੂ ਮੈਨੇਜਮੈਂਟ ਦਾ ਕਹਿਣਾ ਹੈ ਕਿ ਜਦੋਂ ਤੱਕ ਗ੍ਰਾਂਟ ਨਹੀਂ ਮਿਲਦੀ, ਉਸਾਰੀ ਦਾ ਕੰਮ ਪੂਰਾ ਕਰਨਾ ਸੰਭਵ ਨਹੀਂ ਹੈ। ਇਸ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੀਯੂ ਮੈਨੇਜਮੈਂਟ ਨੇ ਅਜੇ ਤੱਕ ਉਸਾਰੀ ਕਾਰਜਾਂ ਨਾਲ ਸਬੰਧਤ ਬਿੱਲ ਸਰਕਾਰ ਨੂੰ ਨਹੀਂ ਭੇਜੇ, ਜਿਸ ਕਾਰਨ ਗਰਾਂਟ ਜਾਰੀ ਨਹੀਂ ਕੀਤੀ ਗਈ।

ਦਰਅਸਲ ਪੰਜਾਬ ਸਰਕਾਰ ਨੇ ਅਗਸਤ 2022 ਵਿੱਚ ਐਲਾਨ ਕੀਤਾ ਸੀ ਕਿ ਵਿਦਿਆਰਥਣਾਂ ਦੇ ਹੋਸਟਲ ਵਿੱਚ ਦੋ ਵਾਧੂ ਮੰਜ਼ਿਲਾਂ ਬਣਾਈਆਂ ਜਾਣਗੀਆਂ ਅਤੇ ਇਸ ਲਈ 50 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਪਰ ਹੁਣ ਤੱਕ ਇਹ ਰਕਮ PU ਨੂੰ ਪ੍ਰਾਪਤ ਨਹੀਂ ਹੋਈ ਹੈ। ਇਸ ਕਾਰਨ ਹੋਸਟਲ ਦੀ ਉਸਾਰੀ ਦਾ ਕੰਮ ਠੱਪ ਹੋ ਗਿਆ ਹੈ, ਜਿਸ ਕਾਰਨ ਵਿਦਿਆਰਥਣਾਂ ਨੂੰ ਸੈਕਟਰ-15 ਅਤੇ ਹੋਰ ਖੇਤਰਾਂ ਵਿੱਚ ਪੇਇੰਗ ਗੈਸਟ (PG) ਵਿੱਚ ਰਹਿਣਾ ਪੈ ਰਿਹਾ ਹੈ।

ਵਿਦਿਆਰਥਣਾਂ PG ’ਚ ਰਹਿਣ ਲਈ ਮਜਬੂਰ

ਹੋਸਟਲ ਨੰਬਰ 11 ਦੀ ਉਸਾਰੀ ਅਧੂਰੀ ਹੋਣ ਕਾਰਨ ਇਹ ਵਿਦਿਆਰਥਣਾਂ ਨੂੰ ਅਲਾਟ ਨਹੀਂ ਹੋ ਸਕਿਆ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹੋਸਟਲ ਦੀ ਉਸਾਰੀ ਮੁਕੰਮਲ ਨਹੀਂ ਹੋ ਜਾਂਦੀ, ਉਦੋਂ ਤੱਕ ਇਸ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਹੋਸਟਲ ਦਾ ਕੰਮ ਕਰੀਬ ਦੋ ਸਾਲ ਪਹਿਲਾਂ ਪੂਰਾ ਹੋਣਾ ਸੀ ਪਰ ਗਰਾਂਟ ਨਾ ਮਿਲਣ ਕਾਰਨ ਇਹ ਅਧੂਰਾ ਪਿਆ ਹੈ।

ਚੋਰੀ ਦਾ ਸ਼ਿਕਾਰ ਹੋਇਆ ਅਧੂਰਾ ਹੋਸਟਲ

ਹਾਸਲ ਜਾਣਕਾਰੀ ਮੁਤਾਬਕ ਅਧੂਰੇ ਪਏ ਹੋਸਟਲ ਵਿੱਚ ਸੁਰੱਖਿਆ ਦੀ ਘਾਟ ਕਾਰਨ ਪਿਛਲੇ ਸਾਲ ਚੋਰਾਂ ਨੇ 22 ਵੱਡੇ ਦਰਵਾਜ਼ੇ ਅਤੇ 177 ਪਾਣੀ ਦੀਆਂ ਟੈਂਕੀਆਂ ਚੋਰੀ ਕਰ ਲਈਆਂ ਸਨ। ਪੀਯੂ ਨੇ ਸੈਸ਼ਨ 2022-23 ਵਿੱਚ ਵਿਦਿਆਰਥਣਾਂ ਲਈ ਇਹ ਹੋਸਟਲ ਖੋਲ੍ਹਣ ਦੀ ਯੋਜਨਾ ਬਣਾਈ ਸੀ, ਪਰ ਕਰੋਨਾ ਦੇ ਦੌਰ ਅਤੇ ਨਿਰਮਾਣ ਵਿੱਚ ਦੇਰੀ ਕਾਰਨ ਇਸ ਨੂੰ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ।

Exit mobile version