Punjab

PTC ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਸੇਵਾ ਸਮਾਪਤੀ ਦਾ ਐਲਾਨ !

ਬਿਊਰੋ ਰਿਪੋਰਟ : SGPC ਵੱਲੋਂ ਗੁਰਬਾਣੀ ਦਾ ਚੈਨਲ ਖੋਲ੍ਹੇ ਜਾਣ ਦੇ ਫੈਸਲੇ ਤੋਂ ਬਾਅਦ PTC ਚੈਨਲ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ LIVE ਟੈਲੀਕਾਸਟ ਦੀ ਪ੍ਰਸਾਰਣ ਸੇਵਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ । G NEXT MEDIA PVT LTD ਚੈਨਲ ਦੇ MD ਅਤੇ ਪ੍ਰੈਜੀਡੈਂਟ ਰਵਿੰਦਰ ਨਰਾਇਨ ਨੇ ਟਵਿੱਟਰ ‘ਤੇ ਇੱਕ ਵੀਡੀਓ ਮੈਸੇਜ ਪਾਕੇ ਇਸ ਦੀ ਜਾਣਕਾਰੀ ਸਾਝੀ ਕੀਤੀ ਹੈ । ਉਨ੍ਹਾਂ ਨੇ ਕਿਹਾ ‘ਸਾਨੂੰ 1998 ਤੋਂ ਲੈਕੇ ਹੁਣ ਤੱਕ ਗੁਰੂ ਸਾਹਿਬਾਨ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੀ ਸੇਵਾ ਦਿੱਤੀ ਸੀ । ਅੱਜ ਤੋਂ ਕੁਝ ਦਿਨਾਂ ਬਾਅਦ ਇਹ ਸੇਵਾ ਸੰਪੂਰਨ ਹੋਣ ਜਾ ਰਹੀ ਹੈ । MD ਰਵਿੰਦਰ ਨਰਾਇਨ ਨੇ ਕਿਹਾ ਸਾਡੀ ਇੱਛਾ ਸੀ ਕਿ ਇਹ ਸੇਵਾ ਬਣੀ ਰਹਿੰਦੀ ਪਰ ਹਾਲਾਤਾਂ ਦੇ ਚੱਲਦਿਆਂ ਇਸ ਸੇਵਾ ਨੂੰ ਸੰਪੂਰਨ ਕਰਦੇ ਹੋਏ ਸੰਗਤਾਂ ਤੋਂ ਇਜਾਜ਼ਤ ਲੈਂਦੇ ਹਾਂ। ਅਤੇ ਅਰਦਾਸ ਕਰਦੇ ਹਾਂ ਕਿ ਸੰਗਤਾਂ ਤੱਕ ਗੁਰਬਾਣੀ ਦਾ ਪ੍ਰਸਾਰਣ ਬਿਨਾਂ ਕਿਸੇ ਰੁਕਾਵਤ ‘ਤੇ ਪਹੁੰਚ ਦਾ ਰਹੇ । ਜ਼ਰੀਆ ਭਾਵੇ ਕੋਈ ਵੀ ਹੋਏ’। ਪਰ ਇੱਥੇ ਵੱਡਾ ਸਵਾਲ ਇਹ ਕਿ ਭਾਵੇ ਸ੍ਰੋਮਣੀ ਕਮੇਟੀ ਨੇ ਆਪਣਾ ਚੈਨਲ ਖੋਲਣ ਦਾ ਐਲਾਨ ਕਰ ਦਿੱਤਾ ਹੈ ਪਰ ਚੈਨਲ ਦੇ ਲਾਇਸੈਂਸ ਅਤੇ ਇਸ ਨੂੰ ਸ਼ੁਰੂ ਕਰਨ ਦੇ ਲਈ 6 ਤੋਂ 1 ਸਾਲ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ ਅਜਿਹੇ ਵਿੱਚ ਕੀ 24 ਜੁਲਾਈ ਤੋਂ ਬਾਅਦ ਸੰਗਤਾਂ ਨੂੰ ਸਿਰਫ ਯੂਟਿਊਬ ਚੈੱਨਲ ਦੇ ਜ਼ਰੀਏ ਹੀ ਗੁਰਬਾਣੀ ਸਰਵਨ ਕਰਨੀ ਹੋਵੇਗੀ । ਜਾਂ ਫਿਰ SGPC ਕੋਲ ਕੋਈ ਹੋਰ ਰਸਤਾ ਵੀ ਹੈ ।

SGPC ਕੋਲ ਇਹ 2 ਰਸਤੇ

ਜੇਕਰ ਟੀਵੀ ‘ਤੇ ਇੱਕ ਦਮ ਗੁਰਬਾਣੀ ਦਾ ਪ੍ਰਸਾਰਣ ਬੰਦ ਹੋ ਜਾਂਦਾ ਹੈ ਤਾਂ ਸੰਗਤਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੁਰਬਾਣੀ ਦੇ ਏਕਾ ਅਧਿਕਾਰ ਨੂੰ ਜ਼ੋਰਾ-ਸ਼ੋਰਾ ਨਾਲ ਚੁੱਕਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਹ ਡਰ ਕਿਧਰੇ ਨਾ ਕਿਧਰੇ ਪਰੇਸ਼ਾਨ ਕਰ ਰਿਹਾ ਹੈ ਇਸੇ ਲਈ ਉਨ੍ਹਾਂ ਨੇ ਰਾਜਪਾਲ ਤੋਂ ਜਲਦ ਤੋਂ ਜਲਦ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਪਾਸ ਕਰਨ ਦੇ ਲਈ ਲਿਖੀ ਚਿੱਠੀ ਵਿੱਚ ਸਿੱਖ ਭਾਵਨਾਵਾਂ ਹਵਾਲਾ ਦਿੱਤਾ ਸੀ । ਪਰ ਰਾਜਪਾਲ ਨੇ ਸੈਸ਼ਨ ‘ਤੇ ਹੀ ਜਿਸ ਤਰ੍ਹਾਂ ਨਾਲ ਸਵਾਲ ਖੜੇ ਕੀਤੇ ਹਨ ਉਸ ਤੋਂ ਬਾਅਦ ਬਿੱਲ ਪਾਸ ਹੋਣ ਦੀ ਉਮੀਦ ਘੱਟ ਹੈ । ਅਜਿਹੇ ਵਿੱਚ SGPC ਦੇ ਸਾਹਮਣੇ 2 ਬਦਲ ਹਨ । ਹੋ ਸਕਦਾ ਹੈ SGPC PTC ਨੂੰ ਕੁਝ ਮਹੀਨਿਆਂ ਦੇ ਲਈ ਐਕਸਟੈਨਸ਼ਨ ਦੇਵੇ । ਜਿਸ ਨੂੰ PTC ਵੱਲੋਂ ਮਨਜ਼ੂਰ ਕਰ ਲਿਆ ਜਾਵੇ। ਪਰ ਇਸ ਦੇ ਵਿਵਾਦ ਹੋ ਸਕਦਾ ਹੈ । ਵਿਰੋਧੀ ਧਿਰ SGPC ਨੂੰ ਘੇਰ ਸਕਦੇ ਹਨ। ਉਧਰ ਇਹ ਵੀ ਹੋ ਸਕਦਾ ਹੈ ਕਿ ਇੱਕ ਦਮ ਗੁਰਬਾਣੀ ਦੇ ਪ੍ਰਸਾਰਣ TV ‘ਤੇ ਬੰਦ ਹੋਣ ਤੋਂ ਬਾਅਦ ਸੰਗਤਾਂ ਦਾ ਹਵਾਲਾ ਦੇ ਕੇ SGPC ਬਿਨਾਂ ਆਪਣੇ ਸਿਰ ‘ਤੇ ਲਏ PTC ਨਾਲ ਕਰਾਰ ਵਧਾ ਦੇਵੇ । ਕਾਂਗਰਸ ਦੇ ਐੱਮਪੀ ਰਵਨੀਤ ਬਿੱਟੂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਖਦਸ਼ਾ ਜਤਾ ਚੁੱਕੇ ਹਨ । ਹੋ ਸਕਦਾ ਹੈ ਪੀਟੀਸੀ ਦੇ ਵਿਵਾਦ ਤੋਂ ਬਚਣ ਦੇ ਲਈ ਕਿਸੇ ਹੋਰ ਚੈਨਲ ਦੇ ਨਾਲ ਨਵਾਂ ਚੈਨਲ ਸ਼ੁਰੂ ਹੋਣ ਤੱਕ SGPC ਕਰਾਰ ਕਰ ਲਏ। ਪਰ ਇਸ ਦੀ ਸੰਭਾਵਨ ਘੱਟ ਹੀ ਹੈ। SGPC ਵੱਲੋਂ ਵੀ 23 ਜੁਲਾਈ ਤੋਂ ਬਾਅਦ ਟੀਵੀ ਟੈਲੀਕਾਸਟ ਨੂੰ ਲੈਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਹੈ । ਫਿਲਹਾਲ ਕੁੱਲ ਮਿਲਾਕੇ ਹੁਣ ਨਜ਼ਰਾਂ 24 ਜੁਲਾਈ ‘ਤੇ ਹਨ ਕਿ 23 ਜੁਲਾਈ ਨੂੰ PTC ਦੇ ਨਾਲ SGPC ਦਾ ਕਰਾਰ ਖਤਮ ਹੋਣ ਤੋਂ ਬਾਅਦ ਟੀਵੀ ‘ਤੇ ਗੁਰਬਾਣੀ ਦਾ ਪ੍ਰਸਾਰਣ ਕਿਵੇਂ ਹੋਵੇਗਾ। ਸੰਗਤਾਂ ਲਈ ਖੁਸ਼ੀ ਦੀ ਗੱਲ ਇਹ ਹੈ ਕਿ 24 ਜੁਲਾਈ ਨੂੰ ਅੰਮ੍ਰਿਤ ਵੇਲੇ SGPC ਦੇ ਆਪਣੇ ਨਵੇਂ YOUTUBE ਚੈਨਲ ‘ਤੇ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕੀਤਾ ਜਾਵੇਗਾ।