The Khalas Tv Blog India PSPCL ਨੇ 96,911 ਘਰੇਲੂ ਖਪਤਕਾਰਾਂ ਦੇ ਕਿਹੜੇ ਬਿੱਲ ਕੀਤੇ ਮੁਆਫ਼
India Punjab

PSPCL ਨੇ 96,911 ਘਰੇਲੂ ਖਪਤਕਾਰਾਂ ਦੇ ਕਿਹੜੇ ਬਿੱਲ ਕੀਤੇ ਮੁਆਫ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੀਐੱਸਪੀਸੀਐੱਲ ਨੇ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96,911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ ਕਰ ਦਿੱਤੇ ਹਨ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 5 ਜ਼ੋਨਾਂ, ਸਰਹੱਦੀ ਜ਼ੋਨ ਜਿਸ ਵਿੱਚ ਸਬ-ਅਰਬਨ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਤੇ ਅੰਮ੍ਰਿਤਸਰ ਸਿਟੀ ਸਰਕਲ ਆਉਂਦੇ ਹਨ, ਕੇਂਦਰੀ ਜ਼ੋਨ (ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ, ਖੰਨਾ, ਸਬ-ਅਰਬਨ ਲੁਧਿਆਣਾ), ਉੱਤਰੀ ਜ਼ੋਨ (ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ), ਦੱਖਣੀ ਜ਼ੋਨ (ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੁਹਾਲੀ) ਅਤੇ ਪੱਛਮੀ ਜ਼ੋਨ (ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ), ਵਿੱਚ ਕੁੱਲ 15.85 ਲੱਖ ਲਾਭਪਾਤਰੀ ਹਨ, ਜਿਨ੍ਹਾਂ ਦੇ ਨਾਂ 1505 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਇਨ੍ਹਾਂ ਵਿੱਚੋਂ 77.37 ਕਰੋੜ ਰੁਪਏ ਦੇ ਬਕਾਏ ਹੁਣ ਤੱਕ ਮੁਆਫ ਕੀਤੇ ਜਾ ਚੁੱਕੇ ਹਨ।

ਇਸ ਸਬੰਧੀ ਲਾਭਪਾਤਰੀਆਂ ਦੀ ਜ਼ੋਨ ਵਾਰ ਵੰਡ ਅਤੇ ਉਨ੍ਹਾਂ ਦੇ ਨਾਂ ਖੜ੍ਹੇ ਵਿੱਤੀ ਬਕਾਏ ਬਾਰੇ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਰਹੱਦੀ ਜ਼ੋਨ ਵਿੱਚ 4.27 ਲੱਖ ਲਾਭਪਾਤਰੀ ਹਨ, ਜਿਨ੍ਹਾਂ ਦੇ ਨਾਂ 407 ਕਰੋੜ ਰੁਪਏ ਦੇ ਬਕਾਏ ਹਨ। ਇਸ ਤੋਂ ਇਲਾਵਾ ਕੇਂਦਰੀ ਜ਼ੋਨ ਦੇ ਕੁੱਲ 1.84 ਲੱਖ ਲਾਭਪਾਤਰੀਆਂ ਦੇ ਨਾਂ 1.57 ਕਰੋੜ ਰੁਪਏ ਦੇ ਬਕਾਏ ਹਨ, ਜਦਕਿ ਉੱਤਰੀ ਜ਼ੋਨ ਦੇ 2.11 ਲੱਖ ਲਾਭਪਾਤਰੀਆਂ ਦੇ ਨਾਂ 1.78 ਕਰੋੜ ਰੁਪਏ, ਦੱਖਣੀ ਜ਼ੋਨ ਦੇ 2.86 ਲੱਖ ਲਾਭਪਾਤਰੀਆਂ ਦੇ ਨਾਂ 2 ਕਰੋੜ ਰੁਪਏ ਅਤੇ ਪੱਛਮੀ ਜ਼ੋਨ ਦੇ ਕੁੱਲ 4.76 ਲੱਖ ਲਾਭਪਾਤਰੀਆਂ ਦੇ ਨਾਂ 5.62 ਕਰੋੜ ਰੁਪਏ ਦੇ ਬਕਾਏ ਹਨ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦ੍ਰਿੜ ਇੱਛਾਸ਼ਕਤੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਜਾਤ-ਪਾਤ, ਧਰਮ ਅਤੇ ਨਸਲ ਦੇ ਵਖਰੇਵੇਂ ਤੋਂ ਹਰ ਕਿਸੇ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਸੂਬੇ ਵਿੱਚ 2 ਕਿਲੋਵਾਟ ਤੱਕ ਦੇ ਲੋਡ ਵਾਲੇ ਸਾਰੇ ਖ਼ਪਤਕਾਰਾਂ ਦੇ ਬਕਾਏ ਮੁਆਫ਼ ਕਰਨ ਦਾ ਐਲਾਨ ਕੀਤਾ ਸੀ।

Exit mobile version