The Khalas Tv Blog Punjab ਪਾਵਰਕੌਮ ਨੂੰ 900 ਕਰੋੜ ਦਾ ਮੁਨਾਫ਼ਾ!
Punjab

ਪਾਵਰਕੌਮ ਨੂੰ 900 ਕਰੋੜ ਦਾ ਮੁਨਾਫ਼ਾ!

ਪੰਜਾਬ ਵਾਸੀ ਇਸ ਵਿੱਤੀ ਸਾਲ ਸੁਖ ਦਾ ਸਾਹ ਲੈ ਸਕਦੇ ਹਨ ਕਿਉਂਕਿ ਇਸ ਵਾਰ ਸੰਭਾਵਨਾ ਹੈ ਕਿ ਪਾਵਰਕੌਮ ਵੱਲੋਂ ਬਿਜਲੀ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਪਿਛਲੇ ਵਿੱਤੀ ਸਾਲ 2023-24 ਦੌਰਾਨ ਰਿਕਾਰਡ ਕਮਾਈ ਕਰਦਿਆਂ ਥਰਮਲ ਪਾਵਰ ਉਤਪਾਦਨ ਤੇ ਬਿਜਲੀ ਦੀ ਵਿਕਰੀ ਵਿੱਚ ਸੁਧਾਰ ਤੋਂ ਬਾਅਦ ਲਗਭਗ 900 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ।

ਬਿਜਲੀ ਮਹਿਕਮੇ ਨੇ ਛਿਮਾਹੀ ਆਡਿਟ ਰਿਪੋਰਟ ਵਿੱਚ ਸਤੰਬਰ 2023 ਤੱਕ 564.76 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ ਸੀ ਤੇ ਮਾਰਚ 2024 ਤਕ 336 ਕਰੋੜ ਰੁਪਏ ਦੀ ਹੋਰ ਕਮਾਈ ਕੀਤੀ ਸੀ। ਇਸ ਤੋਂ ਇਲਾਵਾ, ਅਣ-ਆਡਿਟ ਕੀਤੇ ਅੰਕੜਿਆਂ ਮੁਤਾਬਤ ਵਿਭਾਗ ਨੇ ਇੰਡੀਅਨ ਐਨਰਜੀ ਐਕਸਚੇਂਜ (Indian Energy Exchange) ਵਿੱਚ ਵਾਧੂ ਬਿਜਲੀ ਵੇਚ ਕੇ ਅਪ੍ਰੈਲ ਤੇ ਮਈ 2024 ਲਈ 286 ਕਰੋੜ ਰੁਪਏ ਦੀ ਹੋਰ ਕਮਾਈ ਕੀਤੀ ਹੈ।

ਜਾਣਕਾਰੀ ਅਨੁਸਾਰ ਮੁਤਾਬਕ ਪਛਵਾੜਾ ਕੋਲਾ ਖਾਣ (Pachhwara Coal Mine) ਤੋਂ ਕੋਲੇ ਦੀ ਸਪਲਾਈ ਨਾਲ ਨਾ ਸਿਰਫ਼ ਰੋਪੜ ਤੇ ਲਹਿਰਾ ਮੁਹੱਬਤ ਵਿਖੇ ਥਰਮਲ ਉਤਪਾਦਨ ਵਿੱਚ ਸੁਧਾਰ ਹੋਇਆ ਹੈ, ਬਲਕਿ ਘਾਟੇ ਵਿੱਚ ਚੱਲ ਰਹੇ ਵਿਭਾਗ ਨੂੰ ਮੁਨਾਫ਼ਾ ਕਮਾਉਣ ਵਿੱਚ ਵੀ ਸਫ਼ਲ ਕੀਤਾ ਹੈ।

ਇਸ ਦੇ ਨਾਲ ਹੀ ਪਿਛਲੇ ਵਿੱਤੀ ਸਾਲ ਦੌਰਾਨ ਪੀਐਸਪੀਸੀਐਲ ਨੇ ਗੋਇੰਦਵਾਲ ਸਾਹਿਬ ਥਰਮਲ ਪ੍ਰਾਜੈਕਟ ਨੂੰ ਅਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੂਬੇ ਦੇ ਸੈਕਟਰ ਵਿੱਚ ਤੀਜਾ ਥਰਮਲ ਪਲਾਂਟ ਸ਼ਾਮਲ ਹੋਣ ਨਾਲ ਵੀ ਬਿਜਲੀ ਸਪਲਾਈ ਵਿੱਚ ਥੋੜਾ ਸੁਧਾਰ ਹੋਇਆ ਹੈ।

ਜਾਣਕਾਰੀ ਮੁਤਾਬਕ ਵਿਭਾਗ ਨੇ ਪਿਛਲੇ ਵਿੱਤੀ ਸਾਲ ਵਿੱਚ ਐਕਸਚੇਂਜ ਰਾਹੀਂ ਬਿਜਲੀ ਵੇਚ ਕੇ 1,003 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ PSPCL ਨੇ ਅਪ੍ਰੈਲ ਵਿੱਚ 183 ਕਰੋੜ ਰੁਪਏ ਤੇ 26 ਮਈ ਤਕ ਲਗਭਗ 106 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹੁਣ ਜੇ ਸਮੇਂ ਸਿਰ ਮਾਨਸੂਨ ਆ ਜਾਂਦਾ ਹੈ ਤਾਂ ਵਿਭਾਗ ਨੂੰ ਇਸ ਦਾ ਹੋਰ ਮੁਨਾਫ਼ਾ ਹੋ ਸਕਦਾ ਹੈ। ਚੰਗੇ ਮਾਨਸੂਨ ਨਾਲ PSPCL ਦਾ ਮੁਨਾਫ਼ਾ ਵਧ ਸਕਦਾ ਹੈ’।

PSPCL ਦੇ ਵਧੀਆ ਪ੍ਰਦਰਸ਼ਨ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ। ਉਨ੍ਹਾਂ ਐਕਸ ’ਤੇ ਲਿਖਿਆ – “PSPCL ਨੇ 900 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ। ਪਿਛਲੀਆਂ ਸਰਕਾਰਾਂ ਦੌਰਾਨ ਘਾਟੇ ਵਿੱਚ ਚੱਲ ਰਿਹਾ PSPCL ਅੱਜ ਮੁਫ਼ਤ ਬਿਜਲੀ ਦੇਣ ਦੇ ਬਾਵਜੂਦ ਵੀ ਫਾਇਦੇ ਵਿੱਚ ਹੈ। ਇਹ ‘ਆਪ’ ਸਰਕਾਰ ਦੀ ਇਮਾਨਦਾਰੀ ਨਾਲ ਕੀਤੀ ਮਿਹਨਤ ਦੇ ਨਤੀਜੇ ਹਨ। ਮੈਂ ਪੰਜਾਬ ਦੇ 3 ਕਰੋੜ ਲੋਕਾਂ ਤੇ ਭਗਵੰਤ ਮਾਨ ਜੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”

ਦੱਸ ਦੇਈਏ ਆਪਣੇ ਲੋਕ ਸਭਾ ਮੈਨੀਫੈਸਟੋ (ਕੇਜਰੀਵਾਲ ਕੀ ਗਰੰਟੀ) ਵਿੱਚ ਕੇਜਰੀਵਾਲ ਨੇ ਦੇਸ਼ ਨੂੰ ਮੁਫ਼ਤ ਬਿਜਲੀ ਪ੍ਰਦਾਨ ਕਰਨ ਦੀ ਗਰੰਟੀ ਦਿੱਤੀ ਹੈ। ਅਜਿਹੇ ਵਿੱਚ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਤੋਂ ਪਹਿਲਾਂ ਇਹ ਖ਼ਬਰ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਨੂੰ ਮਜ਼ਬੂਤੀ ਦਿੰਦੀ ਹੈ।

 

ਇਹ ਵੀ ਪੜ੍ਹੋ – ਰਾਹੁਲ ਗਾਂਧੀ ਦੀ ਪੰਜਾਬ ਰੈਲੀ, ਕਿਹਾ ਸਰਕਾਰ ਬਣੀ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਂਗੇ
Exit mobile version