ਪੰਜਾਬ ਵਿੱਚ ਅਣਐਲਾਨੇ ਅਤੇ ਲੰਬੇ ਬਿਜਲੀ ਕੱਟਾਂ ਕਾਰਨ ਉਦਯੋਗਪਤੀਆਂ ਤੇ ਕਿਸਾਨਾਂ ਵੱਲੋਂ ਮੋਰਚੇ ਖੋਲ੍ਹਣ ਤੋਂ ਬਾਅਦ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਪ੍ਰਸ਼ਾਸਨਿਕ ਸਕੱਤਰ ਤੇ ਸੀਐਮਡੀ ਡਾ. ਬਸੰਤ ਗਰਗ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਪ੍ਰਿੰਸੀਪਲ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਨਵਾਂ ਮੁਖੀ ਬਣਾਇਆ ਗਿਆ ਹੈ।
ਗੁਰਕੀਰਤ ਕਿਰਪਾਲ ਸਿੰਘ ਦੇ ਉਦਯੋਗ ਵਿਭਾਗ ਦੇ ਚਾਰਜ ਡਾ. ਬਸੰਤ ਗਰਗ ਨੂੰ ਸੌਂਪ ਦਿੱਤੇ ਗਏ ਹਨ। ਗੁਰਕੀਰਤ ਕਿਰਪਾਲ ਸਿੰਘ ਚੰਗੇ ਪ੍ਰਬੰਧਨ ਲਈ ਜਾਣੇ ਜਾਂਦੇ ਹਨ, ਪਰ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਬਿਜਲੀ ਵਿਭਾਗ ਨੂੰ ਸੁਧਾਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗੀ।
ਇਸ ਵਾਰ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ 3500 ਮੈਗਾਵਾਟ ਵਧ ਕੇ 16,000 ਮੈਗਾਵਾਟ ਪਹੁੰਚ ਗਈ ਹੈ, ਪਰ ਕੋਲੇ ਦੀ ਅਨਿਯਮਿਤ ਸਪਲਾਈ ਕਾਰਨ ਸਿਰਫ਼ 6000 ਮੈਗਾਵਾਟ ਹੀ ਪੈਦਾ ਹੋ ਰਹੀ ਸੀ। ਇਸ ਕਾਰਨ ਸਰਕਾਰ ਵਧਦੀ ਮੰਗ ਪੂਰੀ ਨਹੀਂ ਕਰ ਸਕੀ। ਖੇਤਾਂ ਨੂੰ ਪੂਰੀ ਬਿਜਲੀ ਨਾ ਮਿਲਣ ਕਰਕੇ ਕਿਸਾਨ ਧਰਨੇ ਦੇ ਰਹੇ ਹਨ। ਉਦਯੋਗਪਤੀਆਂ ਨੇ ਉਤਪਾਦਨ ਪ੍ਰਭਾਵਿਤ ਹੋਣ ਦਾ ਦੋਸ਼ ਲਗਾ ਕੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ।
ਸਰਕਾਰ ਦਾ ਦਾਅਵਾ ਹੈ ਕਿ ਕੇਂਦਰ ਵੱਲੋਂ ਲੋੜੀਂਦਾ ਕੋਲਾ ਨਾ ਮਿਲਣ ਕਾਰਨ ਇਹ ਕੱਟ ਲਗਾਉਣੇ ਪਏ। ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਐਲਾਨ ਕੀਤਾ ਹੈ ਕਿ ਮੰਗਲਵਾਰ ਤੋਂ ਕੋਈ ਬਿਜਲੀ ਕੱਟ ਨਹੀਂ ਲੱਗੇਗਾ। ਕਿਸਾਨਾਂ ਨੂੰ ਰੋਜ਼ਾਨਾ 10 ਘੰਟੇ ਬਿਜਲੀ ਮਿਲੇਗੀ ਤੇ ਨਿੱਜੀ ਥਰਮਲ ਪਲਾਂਟਾਂ ਸਮੇਤ ਸਾਰੇ ਪਲਾਂਟ ਚਾਲੂ ਹੋਣ ਨਾਲ ਉਦਯੋਗਾਂ ਨੂੰ ਵੀ ਸੰਕਟ ਨਹੀਂ ਝੱਲਣਾ ਪਵੇਗਾ। ਇਹ ਬਦਲਾਅ ਉਸ ਸਮੇਂ ਹੋਇਆ ਹੈ ਜਦੋਂ ਬਿਜਲੀ ਸੰਕਟ ਨੇ ਸੂਬੇ ਵਿੱਚ ਤਨਾਅ ਵਧਾ ਦਿੱਤਾ ਸੀ।

