Punjab

PSEB 10ਵੀਂ ਜਮਾਤ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ, 3 ਲੱਖ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ 10ਵੀਂ ਜਮਾਤ ਦਾ ਨਤੀਜਾ (10th result )ਐਲਾਨੇਗਾ। ਵਿਦਿਆਰਥੀ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ। ਇਸ ਦੇ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in/ ‘ਤੇ ਲਾਗਇਨ ਕਰਨਾ ਹੋਵੇਗਾ। ਜਿੱਥੇ ਨਤੀਜੇ ਲਈ ਇੱਕ ਕਾਲਮ ਹੋਵੇਗਾ। ਇਸ ਵਿੱਚ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਅਤੇ ਹੋਰ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਬਾਅਦ ਨਤੀਜਾ ਉਨ੍ਹਾਂ ਦੇ ਮੋਬਾਈਲ ਜਾਂ ਲੈਪਟਾਪ ਦੀ ਸਕਰੀਨ ‘ਤੇ ਦਿਖਾਈ ਦੇਵੇਗਾ।

ਇਸ ਵਾਰ 3 ਲੱਖ ਵਿਦਿਆਰਥੀਆਂ ਨੇ PSEB ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆ 13 ਫਰਵਰੀ ਤੋਂ 5 ਮਾਰਚ ਦਰਮਿਆਨ ਕਰਵਾਈ ਗਈ ਸੀ। ਇਹ ਪ੍ਰੀਖਿਆ ਸੂਬੇ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਲਈ ਗਈ ਸੀ। ਪ੍ਰੀਖਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ।

ਪੇਪਰ ਲੀਕ ਜਾਂ ਵੱਡੇ ਪੱਧਰ ‘ਤੇ ਨਕਲ ਕਰਨ ਵਰਗੀ ਕੋਈ ਘਟਨਾ ਕਿਤੇ ਵੀ ਸਾਹਮਣੇ ਨਹੀਂ ਆਈ। ਬੋਰਡ ਨੇ ਸਭ ਤੋਂ ਪਹਿਲਾਂ ਨਤੀਜੇ ਐਲਾਨ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲੇ ਤੱਕ ਗੁਆਂਢੀ ਸੂਬੇ ਦੇ ਕਿਸੇ ਵੀ ਬੋਰਡ ਨੇ ਨਤੀਜਾ ਨਹੀਂ ਐਲਾਨਿਆ ਹੈ। ਜਦਕਿ CBSE ਨੇ ਵੀ ਅਜੇ ਤੱਕ ਨਤੀਜਾ ਘੋਸ਼ਿਤ ਨਹੀਂ ਕੀਤਾ ਹੈ।

ਅੱਜ PSEB ਰਾਜ ਦੇ ਟਾਪਰਾਂ ਅਤੇ ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤਤਾ, ਮੈਰਿਟ ਅਤੇ ਵਿਸ਼ੇ ਅਨੁਸਾਰ ਪਾਸ ਪ੍ਰਤੀਸ਼ਤਤਾ ਜਾਰੀ ਕਰੇਗਾ। ਵੈੱਬਸਾਈਟ ‘ਤੇ ਘੋਸ਼ਿਤ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਜੇਕਰ ਇਸ ਵਿੱਚ ਕੋਈ ਖਾਮੀ ਹੈ ਤਾਂ ਬੋਰਡ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਲਗਭਗ ਇੱਕ ਹਫ਼ਤੇ ਦੇ ਅੰਦਰ ਡੀਐਮਸੀ ਡਿਜੀਲੌਕਰ ‘ਤੇ ਉਪਲਬਧ ਕਰਾਇਆ ਜਾਵੇਗਾ।