ਪੰਜਾਬ ਵਿੱਚ ਸਰਕਾਰੀ ਬੱਸਾਂ ਅੱਜ ਵੀ ਨਹੀਂ ਚੱਲਣਗੀਆਂ ਕਿਉਂਕਿ ਪੰਜਾਬ ਰੋਡਵੇਜ਼/ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਬੀਤੇ ਦਿਨ ਟਰਾਂਸਪੋਰਟ ਮੰਤਰੀ ਨਾਲ ਯੂਨੀਅਨ ਆਗੂਆਂ ਦੀ 7 ਘੰਟੇ ਲੰਮੀ ਮੀਟਿੰਗ ਹੋਈ ਸੀ ਅਤੇ ਮੰਤਰੀ ਵੱਲੋਂ ਹੜਤਾਲ ਖ਼ਤਮ ਹੋਣ ਦਾ ਐਲਾਨ ਵੀ ਕੀਤਾ ਗਿਆ ਸੀ, ਪਰ ਦੇਰ ਰਾਤ ਯੂਨੀਅਨ ਨੇ ਸਪੱਸ਼ਟ ਕਰ ਦਿੱਤਾ ਕਿ ਜਦੋਂ ਤੱਕ ਹਿਰਾਸਤ ਵਿੱਚ ਲਏ ਗਏ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤੇ ਸਸਪੈਂਡ/ਟਰਮੀਨੇਟ ਕੀਤੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ, ਹੜਤਾਲ ਜਾਰੀ ਰਹੇਗੀ।
ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਲਿਖਤੀ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਇਸ ਲਈ ਉਹ ਪਿੱਛੇ ਨਹੀਂ ਹਟਣਗੇ। ਨਤੀਜੇ ਵਜੋਂ ਲੋਕਾਂ ਨੂੰ ਇੱਕ ਵਾਰ ਫਿਰ ਆਵਾਜਾਈ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀਤੀ ਸ਼ਾਮ ਨੂੰ ਮੀਟਿੰਗ ਤੋਂ ਬਾਅਦ ਲੋਕਾਂ ਨੂੰ ਉਮੀਦ ਜਾਗੀ ਸੀ ਕਿ ਅੱਜ ਤੋਂ ਬੱਸਾਂ ਚੱਲਣਗੀਆਂ, ਪਰ ਯੂਨੀਅਨ ਦੇ ਸਖ਼ਤ ਰੁਖ਼ ਕਾਰਨ ਉਹ ਉਮੀਦ ਟੁੱਟ ਗਈ।
ਫਿਲਹਾਲ ਪੰਜਾਬ ਦੇ ਸਾਰੇ ਬੱਸ ਅੱਡਿਆਂ ’ਤੇ ਸਰਕਾਰੀ ਬੱਸਾਂ ਖੜ੍ਹੀਆਂ ਹਨ ਤੇ ਯਾਤਰੀ ਪ੍ਰਾਈਵੇਟ ਬੱਸਾਂ ਜਾਂ ਮਹਿੰਗੇ ਸਾਧਨਾਂ ’ਤੇ ਮਜਬੂਰ ਹਨ। ਹੜਤਾਲ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਸਰਕਾਰ ’ਤੇ ਦਬਾਅ ਵਧ ਰਿਹਾ ਹੈ ਕਿ ਜਲਦੀ ਮਸਲਾ ਹੱਲ ਕੀਤਾ ਜਾਵੇ।

