PRTC ਦੇ ਮੁਲਾਜ਼ਮਾਂ ਵੱਲੋਂ 3 ਦਿਨਾਂ ਦੇ ਲਈ ਚੱਕਾ ਜਾਮ ਦਾ ਐਲਾਨ
‘ਦ ਖ਼ਾਲਸ ਬਿਊਰੋ : ਕੁਝ ਲੋਕ 14 ਅਗਸਤ ਐਤਵਾਰ ਦੀ ਛੁੱਟੀ ਦੇ ਨਾਲ 15 ਅਗਸਤ ਅਜ਼ਾਦੀ ਦਿਹਾੜੇ ਦੀ ਛੁੱਟੀ ਆਉਣ ਦੀ ਵਜ੍ਹਾ ਕਰਕੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋਣਗੇ ਉਨ੍ਹਾਂ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ। PRTC ਦੇ ਮੁਲਾਜ਼ਮਾਂ ਵੱਲੋਂ ਅਗਲੇ ਤਿੰਨ ਦਿਨ ਐਤਵਾਰ,ਸੋਮਵਾਰ ਅਤੇ ਮੰਗਲਵਾਰ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ । ਪੂਰੇ ਸੂਬੇ ਵਿੱਚ ਬੱਸਾਂ ‘ਤੇ ਬ੍ਰੇਕ ਲੱਗੀ ਰਹੇਗੀ ਅਤੇ ਮੁਲਾਜ਼ਮ ਸੜਕਾਂ ‘ਤੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ, ਲੰਮੇ ਵਕਤ ਤੋਂ PRTC ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਲਟਕੀਆਂ ਹੋਇਆਂ ਹਨ। ਸਰਕਾਰ ਬਦਲਣ ਤੋਂ ਬਾਅਦ ਵੀ ਲਾਰਿਆਂ ਤੋਂ ਪਰੇਸ਼ਾਨ ਮੁਲਾਜ਼ਮਾਂ ਨੇ 3 ਦਿਨਾਂ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਪਿਛਲੇ 4 ਮਹੀਨੇ ਅੰਦਰ ਮੁਲਾਜ਼ਮ ਨੇ ਕਈ ਵਾਰ ਚੱਕਾ ਜਾਮ ਕੀਤਾ ਹੈ ਜਿਸ ਨਾਲ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ।

PRTC ਦੇ ਮੁਲਾਜ਼ਮਾਂ ਦੀਆਂ ਮੰਗਾਂ
ਚੱਕਾ ਜਾਮ ਕਰਨ ਵਾਲੇ PRTC ਅਤੇ PUNBUS ਦੇ ਕੱਚੇ ਮੁਲਾਜ਼ਮਾਂ ਮੁਤਾਬਿਕ ਉਹ ਬਰਾਬਰ ਕੰਮ ਬਰਾਬਰ ਤਨਖਾਹ ਅਤੇ ਹੋਰ ਮੰਗਾਂ ਨੂੰ ਲੈ ਕੇ ਲੰਮੇ ਵਕਤ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਮੁਤਾਬਿਕ ਸਰਕਾਰ ਨਾਲ ਮੰਗਾਂ ਨੂੰ ਲੈ ਕੇ ਗੱਲਬਾਤ ਹੋਈ ਸੀ ਪਰ ਕੋਈ ਹੱਲ ਨਹੀਂ ਨਿਕਲਿਆ। ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ ਸੀ ਪਰ ਉਹ ਵੀ ਸਿਰੇ ਨਹੀਂ ਚੜੀ।

ਸਿਰਫ਼ ਇੰਨਾਂ ਹੀ ਨਹੀਂ ਸਰਕਾਰ ਸਮੇਂ ਸਿਰ ਮੁਲਾਜ਼ਮਾਂ ਨੂੰ ਤਨਖਾਹ ਵੀ ਨਹੀਂ ਦੇ ਰਹੀ ਹੈ। ਜਿਸ ਦੇ ਲਈ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੜਤਾਲ ਤੱਕ ਕਰਨੀ ਪਈ ਸੀ,ਉਸ ਤੋਂ ਬਾਅਦ ਸਰਕਾਰ ਨੇ ਤਨਖਾਹ ਰਿਲੀਜ਼ ਕੀਤੀ। ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਇਸ ਦੇ ਲਈ ਤਿੰਨ ਮੰਤਰੀਆਂ ਦੀ ਕਮੇਟੀ ਵੀ ਨਿਯੁਕਤ ਕੀਤੀ ਗਈ ਸੀ ਪਰ ਹੁਣ ਤੱਕ ਸਿਰਫ਼ ਮੀਟਿੰਗ ਹੀ ਹੋਇਆਂ ਨੇ ਸਰਕਾਰ ਕੋਈ ਠੋਸ ਨਤੀਜੇ ‘ਤੇ ਨਹੀਂ ਪਹੁੰਚ ਸਕੀ ਹੈ ।