The Khalas Tv Blog Punjab ਸੜਕ ‘ਤੇ ਦੌੜਦੀ ਰਹੀ ਬ੍ਰੇਕ ਫੇਲ੍ਹ ਬੱਸ, ਵਾਪਰਿਆ ਇਹ ਕਾਰਾ
Punjab

ਸੜਕ ‘ਤੇ ਦੌੜਦੀ ਰਹੀ ਬ੍ਰੇਕ ਫੇਲ੍ਹ ਬੱਸ, ਵਾਪਰਿਆ ਇਹ ਕਾਰਾ

PRTC bus overturned in Sangrur

ਸੰਗਰੂਰ ਤੋਂ ਸੁਨਾਮ ਰੋਡ ਉੱਤੇ PRTC ਦੀ ਇਕ ਬੱਸ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ।

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਏ ਦਿਨ ਸੜਕ ਹਾਦਸਿਆਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਸੰਗਰੂਰ ਵਿੱਚ ਇੱਕ ਡਰਾਈਵਰ ਦੀ ਅਣਗਹਿਲੀ ਕਾਰਨ ਅੱਜ ਕਈ ਸਵਾਰੀਆਂ ਦੀ ਜਾਨ ਮੌਤ ਦੇ ਮੂੰਹ ਵਿੱਚੋਂ ਨਿਕਲ ਕੇ ਆਈ ਹੈ। ਸੰਗਰੂਰ ਤੋਂ ਸੁਨਾਮ ਰੋਡ ਉੱਤੇ PRTC ਦੀ ਇਕ ਬੱਸ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਸਵੇਰੇ 6:30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਬੱਸ ਵਿੱਚ ਕਰੀਬ 30 ਕੁ ਸਵਾਰੀਆਂ ਮੌਜੂਦ ਸਨ। ਇਸ ਹਾਦਸੇ ਵਿਚ 8 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਬਿਲਕੁਲ ਮੁਫ਼ਤ ਹੋ ਰਿਹਾ ਹੈ। ਸਵਾਰੀਆਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ।

ਸਵਾਰੀਆਂ ਦੇ ਦੱਸਣ ਮੁਤਾਬਕ ਬ੍ਰੇਕ ਫੇਲ ਹੋਣ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਕਿਨਾਰੇ ਖੱਡ ‘ਚ ਜਾ ਕੇ ਪਲਟ ਗਈ। ਸਵਾਰੀਆਂ ਨੇ ਬੱਸ ਦੇ ਡਰਾਈਵਰ ‘ਤੇ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾਉਣ ਦੇ ਦੋਸ਼ ਲਾਏ ਹਨ। ਸਵਾਰੀਆਂ ਨੇ ਦੱਸਿਆ ਕਿ ਬ੍ਰੇਕ ਫੇਲ੍ਹ ਹੋਣ ਦੇ ਬਾਵਜੂਦ ਵੀ ਬੱਸ ਡਰਾਈਵਰ ਨੇ ਇੱਕ ਸਕੂਲ ਵੈਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ।

ਸਵਾਰੀਆਂ ਨੇ ਕਿਹਾ ਕਿ ਜਦੋਂ ਅਸੀਂ ਡਰਾਈਵਰ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਡਿਪੂ ਵਾਲਿਆਂ ਨੇ ਧੱਕੇ ਨਾਲ ਹੀ ਭੇਜ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਦੇਰ ਰਾਤ ਲੌਂਗੋਵਾਲ ਤੋਂ ਵੀ ਬ੍ਰੇਕਾਂ ਫੇਲ੍ਹ ਵਾਲੀ ਬੱਸ ਲੈ ਕੇ ਆਏ ਸਨ।

ਉੱਧਰ ਦੂਜੇ ਪਾਸੇ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਬੱਸ ਦੀ ਕਮਾਨੀ ਦਾ ਪਟਾ ਟੁੱਟਣ ਕਾਰਨ ਸੰਤੁਲਨ ਵਿਗੜਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

Exit mobile version