Punjab

ਮੋਗਾ ’ਚ ਦਿਨ-ਦਹਾੜੇ ਲੁੱਟੀ PRTC ਬੱਸ! ਸਵਾਰੀ ਬਿਠਾਉਣ ਦੇ ਬਹਾਨੇ ਰੁਕਵਾਈ ਬੱਸ

ਬਿਊਰੋ ਰਿਪੋਰਟ (23 ਫਰਵਰੀ, 2026): ਮੋਗਾ-ਬਰਨਾਲਾ ਨੈਸ਼ਨਲ ਹਾਈਵੇਅ ’ਤੇ ਸੋਮਵਾਰ ਦੁਪਹਿਰ ਨੂੰ ਬੇਖ਼ੌਫ਼ ਬਦਮਾਸ਼ਾਂ ਨੇ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ. (PRTC) ਦੀ ਬੱਸ ਨੂੰ ਨਿਸ਼ਾਨਾ ਬਣਾਇਆ। ਸਕੌਰਪੀਓ ਸਵਾਰ ਹਮਲਾਵਰਾਂ ਨੇ ਬੱਸ ਨੂੰ ਰੁਕਵਾ ਕੇ ਕੰਡਕਟਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ।

ਮੋਗਾ ਤੋਂ ਸੰਗਰੂਰ ਜਾ ਰਹੀ ਪੀ.ਆਰ.ਟੀ.ਸੀ. ਦੀ ਬੱਸ (ਨੰਬਰ 13V AI 1171) ਜਦੋਂ ਦੁਪਹਿਰ ਕਰੀਬ 3:40 ਵਜੇ ਪਿੰਡ ਡਾਲਾ ਦੇ ਨੇੜੇ ਪਹੁੰਚੀ, ਤਾਂ ਸਕੌਰਪੀਓ ਸਵਾਰ ਬਦਮਾਸ਼ਾਂ ਨੇ ਸਵਾਰੀ ਚੜ੍ਹਾਉਣ ਦਾ ਇਸ਼ਾਰਾ ਕਰਕੇ ਬੱਸ ਰੁਕਵਾਈ। ਬੱਸ ਰੁਕਦਿਆਂ ਹੀ ਮੁਲਜ਼ਮਾਂ ਨੇ ਡਰਾਈਵਰ ਅਤੇ ਕੰਡਕਟਰ ਸੁਰਜੀਤ ਸਿੰਘ ‘ਤੇ ਹਮਲਾ ਕਰ ਦਿੱਤਾ।

ਬੱਸ ਵਿੱਚ ਸਵਾਰ ਸਵਾਰੀਆਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਕੰਡਕਟਰ ਸੁਰਜੀਤ ਸਿੰਘ ਦੀ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਪੱਗ ਉਤਰ ਗਈ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਬਦਮਾਸ਼ਾਂ ਨੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਲਿਆ। ਹਾਲਾਂਕਿ, ਬੱਸ ਵਿੱਚ ਸਵਾਰ ਕਰੀਬ 50 ਸਵਾਰੀਆਂ ਦਾ ਸਾਮਾਨ ਸੁਰੱਖਿਅਤ ਰਿਹਾ।

ਘਟਨਾ ਤੋਂ ਬਾਅਦ ਸਵਾਰੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਦੋਸ਼ ਹੈ ਕਿ ਸੂਚਨਾ ਦੇਣ ਦੇ ਇੱਕ ਘੰਟੇ ਬਾਅਦ ਵੀ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ। ਦੂਜੇ ਪਾਸੇ, ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ, ਪਰ ਉਹ ਘਰੋਂ ਫ਼ਰਾਰ ਹਨ।