Punjab

ਪੀਆਰਟੀਸੀ-ਪਨਬੱਸ ਠੇਕਾ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨੇ ਡੇਢ ਘੰਟੇ ’ਚ ਸੁਣੀ ਗੱਲ, ਤਨਖ਼ਾਹ ਕੀਤੀ ਜਾਰੀ

ਬਿਊਰੋ ਰਿਪੋਰਟ: ਪੀਆਰਟੀਸੀ ਅਤੇ ਪਨਬੱਸ ਕੰਟਰੈਕਟ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਆਪਣੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿੱਚ ਅੱਜ ਦੁਪਹਿਰ ਹੜਤਾਲ ਕੀਤੀ। ਕੱਲ੍ਹ ਰੱਖੜੀ ਦਾ ਤਿਉਹਾਰ ਹੋਣ ਕਰਕੇ ਸਰਕਾਰ ਨੇ ਲਗਭਗ ਇੱਕ ਘੰਟੇ 50 ਮਿੰਟ ਵਿੱਚ ਮੁਲਾਜ਼ਮਾਂ ਦੀ ਗੱਲ ਸੁਣ ਲਈ ਅਤੇ ਕਿਲੋਮੀਟਰ ਸਕੀਮ ਵਿੱਚ ਬੱਸਾਂ ਪਾਉਣ ਦਾ ਟੈਂਡਰ ਮੁਲਤਵੀ ਕਰ ਦਿੱਤਾ ਹੈ। ਪਨਬੱਸ ਮੁਲਾਜ਼ਮਾਂ ਦੀ ਤਨਖਾਹ ਸਬੰਧੀ ਡਿਪੂ ਨੂੰ ਬਜਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 13 ਤਰੀਕ ਨੂੰ ਚੰਡੀਗੜ੍ਹ ਵਿੱਚ ਟਰਾਂਸਪੋਰਟ ਮੰਤਰੀ ਨਾਲ ਦੁਪਹਿਰ 3:30 ਵਜੇ ਮੁਲਾਜ਼ਮਾਂ ਦੀ ਮੀਟਿੰਗ ਹੋਵੇਗੀ।

ਇਸ ਤੋਂ ਬਾਅਦ ਮੁਲਾਜ਼ਮਾਂ ਨੇ ਕੰਮ ‘ਤੇ ਵਾਪਸ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਹੜਤਾਲ 13 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 14 ਅਗਸਤ ਤੋਂ ਦੁਬਾਰਾ ਹੜਤਾਲ ‘ਤੇ ਜਾਣਗੇ। ਹੁਣ ਬੱਸਾਂ ਦੁਬਾਰਾ ਚੱਲਣ ਲੱਗ ਪਈਆਂ ਹਨ।

ਦਰਅਸਲ ਕੱਲ੍ਹ ਮੁਲਾਜ਼ਮਾਂ ਨੇ ਸਰਕਾਰ ਨੂੰ ਅੱਜ ਦੁਪਹਿਰ ਤੱਕ ਦਾ ਸਮਾਂ ਦਿੱਤਾ ਸੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਹੜਤਾਲ ‘ਤੇ ਚਲੇ ਜਾਣਗੇ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਹੜਤਾਲ ਜਾਰੀ ਰਹੇਗੀ ਜਾਂ ਨਹੀਂ ਇਹ ਉਨ੍ਹਾਂ ਦੇ ਫੈਸਲੇ ‘ਤੇ ਨਿਰਭਰ ਕਰੇਗਾ। ਇਸ ਬਾਰੇ ਉਨ੍ਹਾਂ ਦੀ ਕੰਟਰੈਕਟ ਯੂਨੀਅਨ ਦੇ ਮੁਖੀ ਰੇਸ਼ਮ ਸਿੰਘ ਨੇ ਕਿਹਾ ਕਿ ਹੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਜਾਣਬੁੱਝ ਕੇ ਟਾਲ-ਮਟੋਲ ਕਰ ਰਹੀ ਹੈ। ਜਿਸ ਕਾਰਨ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ।

the khalas tv