International

ਹਿਜ਼ਬੁੱਲਾ ਮੁਖੀ ਦੀ ਮੌਤ ‘ਤੇ ਪਾਕਿਸਤਾਨ ‘ਚ ਪ੍ਰਦਰਸ਼ਨ, ਗੁੱਸੇ ‘ਚ ਆਏ ਲੋਕਾਂ ਨੇ ਪੁਲਿਸ ‘ਤੇ ਕੀਤਾ ਪਥਰਾਅ

ਪਾਕਿਸਤਾਨ ‘ਚ ਐਤਵਾਰ ਨੂੰ ਕਰਾਚੀ ‘ਚ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੀ ਹੱਤਿਆ ਦੇ ਖਿਲਾਫ ਪ੍ਰਦਰਸ਼ਨ ਹੋਇਆ। ਸੀਐਨਐਨ ਦੇ ਅਨੁਸਾਰ, ਭੀੜ ਅਚਾਨਕ ਹਿੰਸਕ ਹੋ ਗਈ, ਜਿਸ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਛੱਡੀ। ਇਸ ਤੋਂ ਗੁੱਸੇ ‘ਚ ਆਏ ਲੋਕਾਂ ਨੇ ਪੁਲਿਸ ‘ਤੇ ਪਥਰਾਅ ਕੀਤਾ।

ਰਿਪੋਰਟ ਮੁਤਾਬਕ ਭੀੜ ਕਰਾਚੀ ਸਥਿਤ ਅਮਰੀਕੀ ਦੂਤਾਵਾਸ ਵੱਲ ਵਧਣ ਲੱਗੀ, ਜਿਸ ਨੂੰ ਰੋਕਣ ਲਈ ਪੁਲਿਸ ਨੇ ਸਖਤ ਕਾਰਵਾਈ ਕੀਤੀ। ਇਸ ਰੈਲੀ ਦੀ ਅਗਵਾਈ ਪਾਕਿਸਤਾਨ ਦੇ ਸ਼ੀਆ ਇਸਲਾਮਿਕ ਸਿਆਸੀ ਸੰਗਠਨ ਮਜਲਿਸ ਵਹਦਤ-ਏ-ਮੁਸਲਿਮੀਨ (MWM) ਵੱਲੋਂ ਕੀਤੀ ਜਾ ਰਹੀ ਸੀ।

MWM ਨੇ ਕਿਹਾ ਕਿ ਉਨ੍ਹਾਂ ਦੀ ਭੀੜ ਸ਼ਾਂਤਮਈ ਸੀ। ਇਸ ਦੇ ਨਾਲ ਹੀ ਕਰਾਚੀ ਪੁਲਿਸ ਨੇ ਦੱਸਿਆ ਕਿ ਰੈਲੀ ਆਪਣੇ ਨਿਯੋਜਿਤ ਰਸਤੇ ਤੋਂ ਭਟਕ ਕੇ ਅਮਰੀਕੀ ਦੂਤਾਵਾਸ ਵੱਲ ਵਧਣੀ ਸ਼ੁਰੂ ਹੋ ਗਈ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਰਿਪੋਰਟਾਂ ਮੁਤਾਬਕ ਨਸਰੱਲਾ ਦੀ ਹੱਤਿਆ ਦੇ ਵਿਰੋਧ ‘ਚ ਪਾਕਿਸਤਾਨ ਦੇ ਹੋਰ ਹਿੱਸਿਆਂ ‘ਚ ਵੀ ਰੈਲੀਆਂ ਕੱਢੀਆਂ ਗਈਆਂ।

ਐਤਵਾਰ ਨੂੰ ਲੇਬਨਾਨ ਵਿੱਚ ਇਜ਼ਰਾਇਲੀ ਹਮਲੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਲੇਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਐਤਵਾਰ ਨੂੰ ਹੋਏ ਇਜ਼ਰਾਇਲੀ ਹਮਲੇ ਵਿੱਚ ਘੱਟੋ-ਘੱਟ 105 ਲੋਕ ਮਾਰੇ ਗਏ। 359 ਲੋਕ ਜ਼ਖਮੀ ਵੀ ਹੋਏ ਹਨ। ਸਭ ਤੋਂ ਵੱਧ ਮੌਤਾਂ ਦੱਖਣੀ ਲੇਬਨਾਨ ਵਿੱਚ ਹੋਈਆਂ ਜਿੱਥੇ 48 ਲੋਕ ਮਾਰੇ ਗਏ। ਬੇਕਾ ਘਾਟੀ ਵਿੱਚ 33 ਲੋਕ ਮਾਰੇ ਗਏ ਹਨ।