ਅੰਮ੍ਰਿਤਸਰ : ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ। ਪਰ ਪੰਜਾਬ ਵਿੱਚ ਸਿੱਖ ਸੰਗਠਨ ਇਸ ਦੇ ਵਿਰੋਧ ਵਿੱਚ ਸਾਹਮਣੇ ਆਏ ਹਨ। ਸਿੱਖ ਸੰਗਠਨਾਂ ਦੇ ਮੈਂਬਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਸਿਨੇਮਾਘਰਾਂ ਦੇ ਬਾਹਰ ਕਾਲੇ ਝੰਡੇ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਪੁਲਿਸ ਤਾਇਨਾਤ ਹੈ। ਇਸ ਵੇਲੇ ਇਹ ਫਿਲਮ ਕਿਸੇ ਵੀ ਥੀਏਟਰ ਵਿੱਚ ਨਹੀਂ ਦਿਖਾਈ ਜਾ ਰਹੀ ਹੈ। ਸ਼ੋਅ ਬੰਦ ਕਰ ਦਿੱਤੇ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਵੱਖ-ਵੱਖ ਥਾਵਾਂ ਅਤੇ ਸਿਨੇਮਾਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਅੱਜ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ, ਅਧਿਕਾਰੀਆਂ ਤੇ ਮੈਂਬਰਾਂ ਦੀ ਅਗਵਾਈ ਹੇਠ ਵੱਖ-ਵੱਖ ਸ਼ਾਪਿੰਗ ਮਾਲਾਂ ਵਿੱਚ ਬਣੇ ਸਿਨੇਮਾਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਇੱਥੇ ਬੱਸ ਅੱਡੇ ਨੇੜੇ ਪੀਵੀਆਰ ਸਿਨੇਮਾਘਰ ਦੇ ਬਾਹਰ ਇਕੱਠੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਦਰਸ਼ਨਕਾਰੀਆਂ ਨੇ ਫਿਲਮ ਖ਼ਿਲਾਫ਼ ਬੈਨਰ, ਤਖ਼ਤੀਆਂ ਤੇ ਕਾਲੇ ਝੰਡੇ ਹੱਥਾਂ ਵਿੱਚ ਫੜੇ ਹੋਏ ਸਨ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਆਖਿਆ ਕਿ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਮੁੱਖ ਮੰਤਰੀ ਨੂੰ ਕੱਲ੍ਹ ਪੱਤਰ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਮੁੱਖ ਮੰਤਰੀ ਨੂੰ ਪੱਤਰ ਭੇਜੇ ਗਏ ਸਨ।
ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਦਿਖਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਸੈਂਸਰ ਬੋਰਡ, ਭਾਰਤ ਸਰਕਾਰ ਤੇ ਹੋਰਨਾਂ ਨੂੰ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਅੰਮ੍ਰਿਤਸਰ ਵਿੱਚ ਪੀਵੀਆਰ ਸਿਨੇਮਾ, ਟਿਰੇਲੀਅਮ ਮਾਲ, ਅਲਫਾ ਮਾਲ ਆਦਿ ਥਾਵਾਂ ਅਤੇ ਸਿਨੇਮਾਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ।
ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਪ੍ਰਦਰਸ਼ਨ ’ਤੇ ਪੰਜਾਬ ਵਿੱਚ ਰੋਕ ਲਾਉਣੀ ਚਾਹੀਦੀ ਹੈ। ਇਸ ਦੌਰਾਨ ਸਿਨੇਮਾਘਰ ਦੇ ਬਾਹਰ ਭਾਰੀ ਪੁਲੀਸ ਬਲ ਤਾਇਨਾਤ ਸੀ। ਪੁਲਿਸ ਅਧਿਕਾਰੀ ਨੇ ਆਖਿਆ ਕਿ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਵਾਸਤੇ ਸਿਨੇਮਾਘਰਾਂ ਦੇ ਬਾਹਰ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਇਸ ਦੌਰਾਨ ਪੀਵੀਆਰ ਸਿਨੇਮਾ ਦੇ ਮੈਨੇਜਰ ਅਤੇ ਪੁਲਿਸ ਪ੍ਰਸਾਸ਼ਨ ਨੇ ਸਪੱਸ਼ਟ ਕੀਤਾ ਕਿ ਸਿਨੇਮਾਘਰ ਵਿੱਚ ਇਹ ਫਿਲਮ ਨਹੀਂ ਚਲਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਆਖਿਆ ਕਿ ਸਿਨੇਮਾਘਰ ਦੇ ਪ੍ਰਬੰਧਕਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਹ ਫਿਲਮ ਉਨ੍ਹਾਂ ਦੇ ਸਿਨੇਮਾਘਰ ਵਿੱਚ ਨਹੀਂ ਚਲਾਈ ਜਾਵੇਗੀ।