International

ਢਾਕਾ ‘ਚ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀ: ਯੂਨਸ ਦੇ ਸਰਕਾਰੀ ਨਿਵਾਸ-ਸਕੱਤਰੇਤ ਦੇ ਆਲੇ-ਦੁਆਲੇ ਦਾ ਇਲਾਕਾ ਸੀਲ

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਵਿਰੁੱਧ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਵਿਰੋਧੀ ਪਾਰਟੀਆਂ, ਸਰਕਾਰੀ ਕਰਮਚਾਰੀਆਂ, ਅਧਿਆਪਕਾਂ ਅਤੇ ਫੌਜ ਵਿੱਚ ਵੀ ਗੁੱਸਾ ਵਧ ਰਿਹਾ ਹੈ। ਇਸ ਦੌਰਾਨ, ਢਾਕਾ ਮੈਟਰੋਪੋਲੀਟਨ ਪੁਲਿਸ (ਡੀਐਮਪੀ) ਨੇ ਰਾਜਧਾਨੀ ਦੇ ਕੇਂਦਰ ਵਿੱਚ ਸਾਰੀਆਂ ਰੈਲੀਆਂ, ਵਿਰੋਧ ਪ੍ਰਦਰਸ਼ਨਾਂ ਅਤੇ ਜਨਤਕ ਇਕੱਠਾਂ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ।

ਇਸ ਦੌਰਾਨ, ਢਾਕਾ ਪੁਲਿਸ ਨੇ ਮੁਹੰਮਦ ਯੂਨਸ ਦੇ ਸਰਕਾਰੀ ਨਿਵਾਸ ‘ਜਮੁਨਾ ਗੈਸਟ ਹਾਊਸ’ ਅਤੇ ਬੰਗਲਾਦੇਸ਼ ਸਕੱਤਰੇਤ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ। ਜਦੋਂ ਸਕੱਤਰੇਤ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਅਤੇ ਕਰਮਚਾਰੀ ਸਰਕਾਰ ਦੇ ਇੱਕ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਨ।

ਡੀਐਮਪੀ ਕਮਿਸ਼ਨਰ ਐਸਐਮ ਸੱਜਾਤ ਅਲੀ ਨੇ ਕਿਹਾ ਕਿ ਇਹ ਪਾਬੰਦੀ “ਜਨਤਕ ਵਿਵਸਥਾ ਅਤੇ ਅੰਤਰਿਮ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਸੁਰੱਖਿਆ” ਲਈ ਲਗਾਈ ਗਈ ਸੀ। ਇਸ ਤੋਂ ਪਹਿਲਾਂ 10 ਮਈ ਨੂੰ, ਸਰਕਾਰ ਨੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਲਈ ਸੀਮਾ ਸੁਰੱਖਿਆ ਬਲ (BGB) ਅਤੇ ਪੁਲਿਸ SWAT ਟੀਮਾਂ ਤਾਇਨਾਤ ਕੀਤੀਆਂ ਸਨ।

ਈਦ ਤੋਂ ਬਾਅਦ ਫਿਰ ਭੜਕ ਸਕਦੇ ਹਨ ਵਿਰੋਧ ਪ੍ਰਦਰਸ਼ਨ

ਫਿਲਹਾਲ ਈਦ ਦੀਆਂ ਛੁੱਟੀਆਂ ਕਾਰਨ ਵਿਰੋਧ ਪ੍ਰਦਰਸ਼ਨ ਕੁਝ ਸਮੇਂ ਲਈ ਰੁਕ ਗਿਆ ਹੈ, ਪਰ ਸਰਕਾਰੀ ਕਰਮਚਾਰੀਆਂ ਨੇ 15 ਜੂਨ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ‘ਤੇ ਦੇਸ਼ ਭਰ ਦੇ ਸਰਕਾਰੀ ਦਫਤਰਾਂ ਵਿੱਚ ਵੱਡੇ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ। ਬੰਗਲਾਦੇਸ਼ ਸਕੱਤਰੇਤ ਅਧਿਕਾਰੀ-ਕਰਮਚਾਰੀ ਏਕਤਾ ਫੋਰਮ ਦੇ ਸਹਿ-ਚੇਅਰਮੈਨ ਨੂਰੂਲ ਇਸਲਾਮ ਨੇ ਕਿਹਾ ਕਿ ਅੰਦੋਲਨ ਹੋਰ ਤੇਜ਼ ਹੋ ਜਾਵੇਗਾ।