ਬੰਗਲਾਦੇਸ਼ ‘ਚ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਪ੍ਰਦਰਸ਼ਨਕਾਰੀ ਢਾਕਾ ‘ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਚ ਦਾਖਲ ਹੋ ਗਏ ਹਨ। ਤਸਵੀਰਾਂ ਵਿੱਚ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਸਮਾਨ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ। ਢਾਕਾ ‘ਚ ਬੀਬੀਸੀ ਪੱਤਰਕਾਰ ਮੁਤਾਬਕ ਸਥਾਨਕ ਨਿਊਜ਼ ਚੈਨਲ ‘ਤੇ ਦਿਖਾਈ ਗਈ ਤਸਵੀਰ ‘ਚ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੋਂ ਸੋਫੇ ਵਰਗੀ ਚੀਜ਼ ਚੁੱਕਦੇ ਦੇਖਿਆ ਜਾ ਸਕਦਾ ਹੈ।
ਵਿਦਿਆਰਥੀ ਪਿਛਲੇ ਮਹੀਨੇ ਤੋਂ ਬੰਗਲਾਦੇਸ਼ ‘ਚ ਵਿਰੋਧ ਪ੍ਰਦਰਸ਼ਨ ‘ਤੇ ਸਨ, ਉਨ੍ਹਾਂ ਦੀ ਪਹਿਲੀ ਮੰਗ ਸਰਕਾਰੀ ਨੌਕਰੀਆਂ ‘ਚ ਰਾਖਵਾਂਕਰਨ ਖਤਮ ਕਰਨ ਦੀ ਸੀ। ਬਾਅਦ ਵਿੱਚ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।
The Bangladeshi people are taking over #SheikhHasina‘s residence. A historic moment as they reclaim the place from where illegal orders were made to murder them. pic.twitter.com/5sLcS9Q8cK
— Sultan Mohammed Zakaria (@smzakaria) August 5, 2024
ਕੁਝ ਸਮਾਂ ਪਹਿਲਾਂ ਸ਼ੇਖ ਹਸੀਨਾ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਅਤੇ ਭਾਰਤ ਦੇ ਅਗਰਤਲਾ ਸ਼ਹਿਰ ਲਈ ਰਵਾਨਾ ਹੋ ਗਈ। ਇਸ ਤੋਂ ਬਾਅਦ ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ ਉਜ਼ ਜ਼ਮਾਨ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ।
ਹਿੰਸਾ ਨਾਲ 300 ਲੋਕਾਂ ਦੀ ਮੌਤ
ਬੰਗਲਾਦੇਸ਼ ਵਿੱਚ ਰਾਖਵੇਂਕਰਨ ਦੇ ਖਿਲਾਫ ਚੱਲ ਰਿਹਾ ਪ੍ਰਦਰਸ਼ਨ ਹੁਣ ਵੱਡੇ ਅੰਦੋਲਨ ’ਚ ਬਦਲ ਗਿਆ ਹੈ। ਖ਼ਬਰ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਢਾਕਾ ਪੈਲੇਸ ਛੱਡ ਕੇ ਕਿਸੇ ਸੁਰੱਖਿਅਤ ਥਾਂ ’ਤੇ ਚਲੇ ਗਏ ਹਨ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਲੱਖਾਂ ਲੋਕ ਕਰਫਿਊ ਤੋੜ ਕੇ ਸੜਕਾਂ ’ਤੇ ਉੱਤਰ ਆਏ ਹਨ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਬੰਗਲਾਦੇਸ਼ ਸਰਕਾਰ ਦੇ ਖਿਲਾਫ ਚੱਲ ਰਹੇ ਇਸ ਵਿਰੋਧ ਪ੍ਰਦਰਸ਼ਨ ’ਚ ਹੁਣ ਤੱਕ ਘੱਟੋ-ਘੱਟ 300 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰਾਖਵੇਂਕਰਨ ਨੂੰ ਲੈ ਕੇ ਇੱਕ ਵਾਰ ਫਿਰ ਬੰਗਲਾਦੇਸ਼ ਵਿੱਚ ਹਿੰਸਾ ਜ਼ੋਰਾਂ ’ਤੇ ਹੈ, ਕਈ ਥਾਵਾਂ ਤੋਂ ਹਿੰਸਾ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਿਰਾਜਗੰਜ ’ਚ ਪ੍ਰਦਰਸ਼ਨਕਾਰੀਆਂ ਨੇ ਥਾਣੇ ਨੂੰ ਘੇਰ ਕੇ ਅੱਗ ਲਗਾ ਦਿੱਤੀ। ਥਾਣੇ ‘ਚ ਅੱਗ ਲੱਗਣ ਕਾਰਨ 13 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਦੁਪਹਿਰ ਨੂੰ ਕਈ ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਇਨਾਇਤਪੁਰ ਪੁਲਿਸ ਸਟੇਸ਼ਨ ’ਤੇ ਇਕੱਠੇ ਹਮਲਾ ਕੀਤਾ। ਅਚਨਚੇਤ ਹੋਏ ਹਮਲੇ ਕਾਰਨ ਪੁਲਿਸ ਵਾਲੇ ਕੁਝ ਨਹੀਂ ਕਰ ਸਕੇ।
ਹਾਲਾਤ ਇਸ ਤਰ੍ਹਾਂ ਵਿਗੜ ਗਏ ਹਨ ਕਿ ਫੌਜ ਟੈਂਕਾਂ ਨਾਲ ਸੜਕਾਂ ’ਤੇ ਗਸ਼ਤ ਕਰ ਰਹੀ ਹੈ। ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਦੇ ਹੌਸਲੇ ਸ਼ਾਂਤ ਨਹੀਂ ਹੋਏ ਹਨ। ਕਈ ਥਾਵਾਂ ’ਤੇ ਲੋਕਾਂ ਦੀ ਭੀੜ ਟੈਂਕਾਂ ਦੇ ਨਾਲ ਆਏ ਸੈਨਿਕਾਂ ਨਾਲ ਟਕਰਾਅ ਕਰ ਰਹੀ ਹੈ।
ਇਸ ਦੌਰਾਨ ਫੌਜ ਦੇਸ਼ ਨੂੰ ਸੰਬੋਧਨ ਕਰਨ ਜਾ ਰਹੀ ਹੈ। ਖ਼ਬਰ ਹੈ ਕਿ ਬੰਗਲਾਦੇਸ਼ ਦੇ ਸੈਨਾ ਮੁਖੀ ਵਾਕਰ-ਉਜ਼-ਜ਼ਮਾਨ ਇਨ੍ਹਾਂ ਭਿਆਨਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕਰਨਗੇ। ਫੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਫੌਜ ਦੇ ਅਧਿਕਾਰਤ ਬੁਲਾਰੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਅਫਸਰ ਰਸ਼ੀਦੁਲ ਆਲਮ ਨੇ ਦੱਸਿਆ ਕਿ ਜਨਰਲ ਵਾਕਰ ਲੋਕਾਂ ਨੂੰ ਸੰਬੋਧਨ ਕਰਨਗੇ।
ਇੰਟਰਨੈੱਟ ਪੂਰੀ ਤਰ੍ਹਾਂ ਬੰਦ
ਹਿੰਸਕ ਘਟਨਾਵਾਂ ਦੌਰਾਨ ਬੰਗਲਾਦੇਸ਼ ਸਰਕਾਰ ਨੇ ਦੇਸ਼ ਭਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਐਤਵਾਰ ਦੀ ਹਿੰਸਾ ਤੋਂ ਪਹਿਲਾਂ ਦੇਸ਼ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਜਦੋਂ ਕਿ ਬਰਾਡਬੈਂਡ ਸੇਵਾਵਾਂ ਜਾਰੀ ਸਨ। ਖ਼ਬਰਾਂ ਮੁਤਾਬਕ ਹੁਣ ਸਰਕਾਰ ਨੇ ਪੂਰੇ ਦੇਸ਼ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਹੈ।
ਬੰਗਲਾਦੇਸ਼ ਵਿੱਚ ਜੁਲਾਈ ਤੋਂ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦੇਸ਼ ਵਿੱਚ ਇਸ ਅੰਦੋਲਨ ਵਿੱਚ ਭਾਰੀ ਹਿੰਸਾ ਅਤੇ ਅੱਗਜ਼ਨੀ ਹੋਈ ਹੈ। ਇਸ ’ਚ ਕਰੀਬ 300 ਲੋਕਾਂ ਦੀ ਮੌਤ ਵੀ ਹੋਈ ਹੈ। ਨਿਊਜ਼ ਏਜੰਸੀ ਏਏਐਫਪੀ ਮੁਤਾਬਕ ਇਸ ਵਿੱਚ ਐਤਵਾਰ ਦੀ ਹਿੰਸਾ ਵਿੱਚ ਹੋਈਆਂ ਮੌਤਾਂ ਵੀ ਸ਼ਾਮਲ ਹਨ।
ਡਿਜੀਟਲ ਮੀਡੀਆ ਡਾਊਨ
ਇਸ ਦੇ ਚੱਲਦਿਆਂ ਢਾਕਾ ਟ੍ਰਿਬਿਊਨ, ਬੰਗਲਾਦੇਸ਼ ਵਿੱਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਖ਼ਬਰਾਂ ਦੀ ਵੈੱਬਸਾਈਟ, ਅਤੇ ਇਸਦੀ ਸਹਿਯੋਗੀ ਪ੍ਰਕਾਸ਼ਨ ਕੰਪਨੀ ਬੰਗਲਾ ਟ੍ਰਿਬਿਊਨ ਦੋਵੇਂ ਔਫਲਾਈਨ ਹੋ ਗਈਆਂ ਹਨ। ਇਕ ਹੋਰ ਨਿਊਜ਼ ਵੈੱਬਸਾਈਟ ਡੇਲੀ ਬੰਗਲਾ ਸਟਾਰ ਵੀ ਡਾਊਨ ਹੈ।
ਬੰਗਲਾਦੇਸ਼ ’ਚ ਵਿਦਿਆਰਥੀ ਸਰਕਾਰੀ ਨੌਕਰੀਆਂ ’ਚ ਕੋਟਾ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ, ਹਾਲਾਂਕਿ ਸਰਕਾਰ ਨੇ ਕੁਝ ਕੋਟੇ ਨੂੰ ਘੱਟ ਕੀਤਾ ਹੈ ਪਰ ਵਿਦਿਆਰਥੀ ਹੁਣ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।