ਲੁਧਿਆਣਾ : “ਮੋਦੀ ਦੀ ਭਾਜਪਾ ਸਰਕਾਰ ਦੇ ਜ਼ਬਰ, ਤਾਨਾਸ਼ਾਹੀ ਅਤੇ ਔਰਤ ਵਿਰੋਧੀ ਸੋਚ ਦਾ ਪ੍ਰਤੱਖ ਨਜ਼ਾਰਾ ਲੱਖਾਂ-ਕਰੋੜਾਂ ਲੋਕਾਂ ਨੇ ਉਦੋਂ ਦੇਖਿਆ ਜਦੋ ਜਿਨਸੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਜਪਾ ਐਮ ਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬਚਾਉਣ ਲਈ ਭਲਵਾਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਪੁਲਿਸ ਦੀਆਂ ਧਾੜਾਂ ਦੀ ਲਗਾਮ ਖੁੱਲੀ ਛੱਡ ਦਿੱਤੀ। ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਤਗਮਾ ਜੇਤੂ ਭਲਵਾਨਾਂ ਨਾਲ ਹੋਏ ਜ਼ਬਰ ਅਤੇ ਦੁਰ-ਵਿਵਹਾਰ ਨੇ ਜਾਗਦੀ ਜ਼ਮੀਰ ਵਾਲੇ ਲੋਕਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ।” ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਮਗਰੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ। ਮੀਟਿੰਗ ਦੀ ਪ੍ਰਧਾਨਗੀ ਬਲਦੇਵ ਸਿੰਘ ਨਿਹਾਲਗੜ੍ਹ ਨੇ ਕੀਤੀ।
ਮੀਟਿੰਗ ਨੇ ਸਰਬਸੰਮਤੀ ਨਾਲ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਸ ਜਬਰ ਦਾ ਜੋਰਦਾਰ ਵਿਰੋਧ ਕਰਨ ਲਈ ਇੱਕ ਜੂਨ ਨੂੰ ਮੋਦੀ ਸਰਕਾਰ ਦੇ ਅਰਥੀ ਫੂਕ ਰੋਸ ਮੁਜ਼ਾਹਰੇ ਕਰਨ ਦੇ ਦਿੱਤੇ ਸੱਦੇ ਨੂੰ ਪੰਜਾਬ ਭਰ’ਚ ਜ਼ਿਲ੍ਹਾ/ਤਹਿਸੀਲ ਕੇਂਦਰਾਂ ਤੇ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਨੇ ਪੰਜਾਬ ਦੇ ਕਿਸਾਨਾਂ ਸਮੇਤ ਸਮੂਹ ਇਨਸਾਫਪਸੰਦ ਲੋਕਾਂ, ਟਰੇਡ ਯੂਨੀਅਨਾਂ, ਪੇਂਡੂ ਮਜ਼ਦੂਰ, ਔਰਤ, ਮੁਲਾਜ਼ਮ,ਵਿਦਿਆਰਥੀ ਅਤੇ ਨੌਜਵਾਨ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਜੂਨ ਨੂੰ 11 ਤੋਂ 1 ਵਜੇ ਤੱਕ ਪੰਜਾਬ ਭਰ ਵਿੱਚ ਸਾਂਝੇ ਰੂਪ ਵਿੱਚ ਇੱਕਠੇ ਹੋ ਕੇ ਇਸ ਜ਼ਬਰ ਦਾ ਜੋਰਦਾਰ ਵਿਰੋਧ ਕਰਦੇ ਹੋਏ ਮੁਲਜ਼ਮ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰਨ।
ਭਾਜਪਾ ਐਮ ਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਵੱਲੋਂ 5 ਜੂਨ ਨੂੰ ਅਯੁੱਧਿਆ ਵਿਖੇ ਕੀਤੇ ਜਾ ਰਹੇ ਇੱਕਠ ਦਾ ਸਖ਼ਤ ਨੋਟਿਸ ਲੈਂਦਿਆਂ ਸੰਯੁਕਤ ਕਿਸਾਨ ਮੋਰਚੇ ਨੇ 5 ਜੂਨ ਨੂੰ ਸੂਬੇ ਵਿੱਚ ਥਾਂ ਥਾਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੁਤਲੇ ਫੂਕਣ ਦਾ ਸੱਦਾ ਦਿੰਦੇ ਹੋਏ ਸਮੂਹ ਇਨਸਾਫ ਪਸੰਦ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਜੂਨ ਦੇ ਪ੍ਰਦਰਸ਼ਨਾਂ ਦੌਰਾਨ ਇਸ ਸਬੰਧੀ ਆਪਸੀ ਵਿਚਾਰ ਵਟਾਂਦਰਾ ਕਰਕੇ ਇਸ ਸੱਦੇ ਨੂੰ ਵਿਆਪਕ ਜਨਤਕ ਐਕਸ਼ਨ ਵਜੋਂ ਲਾਗੂ ਕਰਨ ਦੇ ਯਤਨ ਕੀਤੇ ਜਾਣ।
ਅੱਜ ਦੀ ਮੀਟਿੰਗ ਵਿੱਚ ਹਰਿੰਦਰ ਸਿੰਘ ਲੱਖੋਵਾਲ,ਡਾ. ਦਰਸ਼ਨਪਾਲ, ਬੂਟਾ ਸਿੰਘ ਬੁਰਜ ਗਿੱਲ, ਰਾਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਰਾਏ,ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਧਨੇਰ, ਰਘਬੀਰ ਸਿੰਘ ਬੈਨੀਪਾਲ, ਵੀਰਪਾਲ ਸਿੰਘ ਢਿੱਲੋਂ, ਹਰਜੀਤ ਸਿੰਘ ਰਵੀ, ਬਲਕਰਨ ਸਿੰਘ ਬਰਾੜ, ਗੁਰਮੀਤ ਸਿੰਘ ਮਹਿਮਾ, ਸਤਨਾਮ ਸਿੰਘ ਸਾਹਨੀ, ਜਗਮੋਹਨ ਸਿੰਘ ਆਦਿ ਹਾਜ਼ਰ ਸਨ।