‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ ਯੂਥ ਅਕਾਲੀ ਦਲ ਵੱਲੋਂ ਵੈਕਸੀਨ ਘੁਟਾਲੇ ਵਿਵਾਦ ‘ਤੇ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ ਹੈ। ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਅਤੇ ਪਰਮਿੰਦਰ ਸਿੰਘ ਬੋਹਾਰਾ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਨ। ਅਕਾਲੀ ਵਰਕਰਾਂ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਵੱਲ ਕੂਚ ਕਰ ਦਿੱਤਾ ਹੈ।

ਅਕਾਲੀ ਵਰਕਰਾਂ ਨੂੰ ਰੋਕਣ ਲਈ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਸਨ ਪਰ ਅਕਾਲੀ ਵਰਕਰ ਬੈਰੀਕੇਡ ਤੋੜ ਕੇ ਅੱਗੇ ਵੱਧ ਰਹੇ ਹਨ।

ਇਸ ਦੌਰਾਨ ਅਕਾਲੀ ਵਰਕਰਾਂ ਅਤੇ ਪੁਲਿਸ ਵਿਚਾਲੇ ਧੱਕਾਮੁੱਕੀ ਹੋਈ ਹੈ। ਪੁਲਿਸ ਨੇ ਅਕਾਲੀ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਵਿਚਾਲੇ ਧੱਕਾ-ਮੁੱਕੀ ਹੋ ਗਈ।

ਪੁਲਿਸ ਵੱਲੋਂ ਰੋਕੇ ਜਾਣ ‘ਤੇ ਅਕਾਲੀ ਵਰਕਰ ਉੱਥੇ ਹੀ ਬੈਠ ਕੇ ਹੱਥਾਂ ਵਿੱਚ ਤਖਤੀਆਂ ਫੜ੍ਹ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੀ ਹੈ ਅਤੇ ਪੁਲਿਸ ਕੋਲ ਖੜ੍ਹੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਵਿੱਚ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦੇ ਮੁੱਦੇ ‘ਤੇ ਪੰਜਾਬ ਸਰਕਾਰ ਖਿਲਾਫ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੁਹਾਲੀ ਵਿੱਚ ਸਥਿਤ ਰਿਹਾਇਸ਼ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਨ। ਇਸ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਿਆਂ ਦੇ ਪ੍ਰਧਾਨਾਂ, ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ।