International

Video: ਈਰਾਨ ‘ਚ ਚਾਰੇ ਪਾਸੇ ਮੁਸਲਿਮ ਔਰਤਾਂ ਅਚਾਨਕ ਆਪਣੇ ਵਾਲ ਕਿਉਂ ਕੱਟਣ ਲੱਗੀਆਂ? ਜਾਣੋ ਵਜ੍ਹਾ

Video: ਈਰਾਨ 'ਚ ਚਾਰੇ ਪਾਸੇ ਮੁਸਲਿਮ ਔਰਤਾਂ ਅਚਾਨਕ ਆਪਣੇ ਵਾਲ ਕਿਉਂ ਕੱਟਣ ਲੱਗੀਆਂ? ਜਾਣੋ ਵਜ੍ਹਾ

‘ਦ ਖ਼ਾਲਸ ਬਿਊਰੋ : ਇਰਾਨ ਵਿੱਚ ਹਿਜਾਬ ਨੂੰ ਲੈ ਕੇ ਪੁਲਿਸ ਕਸਟਡੀ ਵਿੱਚ ਹੋਈ ਲੜਕੀ ਦੀ ਮੌਤ ਤੋਂ ਬਾਅਦ ਵਿਵਾਦ ਹੋਰ ਵੱਧਦਾ ਜਾ ਰਿਹਾ ਹੈ। ਆਮ ਲੋਕ, ਔਰਤਾਂ, ਲੜਕੀਆਂ ਪ੍ਰਦਰਸ਼ਨ ਕਰਨ ਦੇ ਲਈ ਸੜਕਾਂ ਉੱਤੇ ਉਤਰ ਆਈਆਂ ਹਨ। ਇਰਾਨ ਵਿੱਚ ਹਿਜਾਬ ਪਾਉਣ ਦੇ ਸਖ਼ਤ ਕਾਨੂੰਨ ਦੇ ਬਾਵਜੂਦ ਔਰਤਾਂ ਹਿਜਾਬ ਉਤਾਰ ਕੇ ਅਤੇ ਕਈ ਥਾਵਾਂ ਉੱਤੇ ਹਿਜਾਬ ਨੂੰ ਸਾੜ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਸੋਸ਼ਲ ਮੀਡੀਆ ਉੱਤੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕੁਝ ਲੜਕੀਆਂ ਵੱਲੋਂ ਆਪਣੇ ਵਾਲ ਕੱਟਣ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ। ਹਿਜਾਬ ਵਿਰੋਧੀ ਪ੍ਰਦਰਸ਼ਨਾਂ ਵਿੱਚ 41 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 700 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇੱਕ ਵੀਡੀਓ ਵਿੱਚ 22 ਸਾਲ ਦੀ ਇਰਾਨੀ ਲੜਕੀ ਮਹਿਸਾ ਅਮਿਨੀ ਦੀ ਸ਼ੁੱਕਰਵਾਲ ਨੂੰ ਮੌਤ ਹੋ ਗਈ ਸੀ। ਰਿਪੋਰਟਾਂ ਮੁਤਾਬਕ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਸ ਸਮੇਂ ਮਹਿਸਾ ਪੁਲਿਸ ਹਿਰਾਸਤ ਵਿੱਚ ਸੀ। ਘਟਨਾ ਸਮੇਂ ਮੌਜੂਦ ਗਵਾਹਾਂ ਦਾ ਕਹਿਣਾ ਹੈ ਕਿ ਮਹਿਸਾ ਅਮਿਨੀ ਨੂੰ ਤੇਹਰਾਨ ਤੋਂ ਗ੍ਰਿਫਤਾਰ ਕਰਨ ਤੋਂ ਬਾਅਜ ਪੁਲਿਸ ਥਾਣੇ ਵਿੱਚ ਲਿਜਾਇਆ ਗਿਆ ਸੀ। ਹਾਲਾਂਕਿ, ਪੁਲਿਸ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਹਿਰਾਸਤ ਦੌਰਾਨ ਅਮਿਨੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਸੀ। ਦੂਜੇ ਪਾਸੇ ਮਹਿਸਾ ਅਮਿਨੀ ਦੇ ਪਰਿਵਾਰ ਦਾ ਦਾਅਵਾ ਹੈ ਕਿ ਮਹਿਸਾ ਬਿਲਕੁਲ ਸਿਹਤਮੰਦ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਹਿਰਾਸਤ ਵਿੱਚ ਹੀ ਕੁਝ ਇਸ ਤਰ੍ਹਾਂ ਦਾ ਹੋਇਆ ਹੈ, ਜਿਸ ਕਰਕੇ ਉਸਦੀ ਮੌਤ ਹੋ ਗਈ।

ਔਰਤਾਂ ਇਸ ਤਰ੍ਹਾਂ ਕਰ ਰਹੀਆਂ ਹਨ ਵਿਰੋਧ ਪ੍ਰਦਰਸ਼ਨ

ਇਰਾਨੀ ਲੜਕੀ ਮਹਿਸਾ ਦੀ ਮੌਤ ਤੋਂ ਬਾਅਦ ਇਰਾਨ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਹੋ ਰਿਹਾ ਹੈ, ਇਰਾਨ ਦੀ ਕਿਸੇ ਅਥਾਰਿਟੀ ਨੇ ਦੂਰ ਦੂਰ ਤੱਕ ਇਸ ਤਰ੍ਹਾਂ ਦਾ ਸੋਚਿਆ ਵੀ ਨਹੀਂ ਸੀ ਹੋਣਾ। ਮਹਿਸਾ ਦੇ ਸਮਰਥਨ ਵਿੱਚ ਕਾਫ਼ੀ ਵੱਡੀ ਗਿਣਤੀ ਵਿੱਚ ਔਰਤਾਂ ਸੜਕਾਂ ਉੱਤੇ ਪ੍ਰਦਰਸ਼ਨ ਕਰ ਰਹੀਆਂ ਹਨ। ਕਈ ਥਾਵਾਂ ਉੱਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਕਿ ਸੁਰੱਖਿਆ ਕਰਮਚਾਰੀਆਂ ਨੂੰ ਫਾਇਰਿੰਗ ਦਾ ਸਹਾਰਾ ਲੈਣਾ ਪਿਆ।

ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਔਰਤਾਂ ਨੇ ਮਹਿਸਾ ਦੀ ਮੌਤ ਦਾ ਜ਼ੋਰਦਾਰ ਵਿਰੋਧ ਕੀਤਾ। ਵਿਰੋਧ ਦੌਰਾਨ ਹਜ਼ਾਰਾਂ ਔਰਤਾਂ ਇਕੱਠੀਆਂ ਹੋ ਗਈਆਂ, ਜੋ ਬਾਅਦ ਵਿੱਚ ਸੁਰੱਖਿਆ ਕਰਮਚਾਰੀਆਂ ਉੱਤੇ ਭਾਰੀ ਪੈਣ ਲੱਗ ਪਈਆਂ। ਉਨ੍ਹਾਂ ਨੂੰ ਰੋਕਣ ਦੇ ਲਈ ਸੁਰੱਖਿਆ ਕਰਮੀਆਂ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਸੋਸ਼ਲ ਮੀਡੀਆ ਉੱਤੇ ਵੀ ਕਈ ਇਸ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਸ ਵਿੱਚ ਔਰਤਾਂ ਪ੍ਰਦਰਸ਼ਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਕਈ ਔਰਤਾਂ ਨੇ ਵਿਰੋਧ ਨੂੰ ਅਨੋਖਾ ਰੂਪ ਦਿੰਦਿਆਂ ਆਪਣੇ ਵਾਲਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ।

ਮਹਿਸਾ ਨੂੰ ਇਸਲਾਮਿਕ ਰੀਤੀ ਰਿਵਾਜਾਂ ਮੁਤਾਬਕ ਹੋਮਟਾਊਨ ਸਾਕੇਜ ਵਿੱਚ ਦਫਨਾਇਆ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਹੋਈਆਂ ਜਿਨ੍ਹਾਂ ਨੇ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਨੂੰ ਕਾਫ਼ੀ ਮਿਹਨਤ ਕਰਨੀ ਪਈ।

ਇਰਾਨ ਕਿਉਂ ਬਣੇ ਅਜਿਹੇ ਹਾਲਾਤ ?

ਇਰਾਨ ਵਿੱਚ ਜੋ ਔਰਤਾਂ ਇਸਲਾਮ ਅਨੁਸਾਰ ਆਪਣਾ ਡ੍ਰੈਸ ਕੋਟ ਨਹੀਂ ਕਰ ਰਹੀਆਂ ਹਨ, ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸੇ ਸਾਲ ਦੀ ਸ਼ੁਰੂਆਤ ਵਿੱਚ ਔਰਤਾਂ ਦੇ ਵਿਗਿਆਪਨਾਂ ਉੱਤੇ ਆਉਣ ਉੱਤੇ ਵੀ ਰੋਕ ਲਗਾ ਦਿੱਤੀ ਗਈ ਸੀ।

ਇਰਾਨ ਵਿੱਚ ਔਰਤਾਂ ਲਈ ਡ੍ਰੈਸ ਕੋਡ ਕੀ ਹੈ ?

  • ਇਰਾਨ ਇੱਕ ਇਸਲਾਮਿਕ ਦੇਸ਼ ਹੈ ਜੋ ਸ਼ਰੀਆ ਕਾਨੂੰਨ ਵਿੱਚ ਵਿਸ਼ਵਾਸ ਰੱਖਦਾ ਹੈ।
  • ਇਰਾਨ ਵਿੱਚ ਸੱਤ ਸਾਲ ਤੋਂ ਜ਼ਿਆਦਾ ਕਿਸੇ ਵੀ ਲੜਕੀ ਨੂੰ ਆਪਣੇ ਵਾਲ ਢੱਕ ਕੇ ਬਾਹਰ ਨਿਕਲਣ ਦੀ ਇਜ਼ਾਜਤ ਹੈ।
  • ਇਸ ਉਮਰ ਤੋਂ ਬਾਅਦ ਵਾਲੀਆਂ ਲੜਕੀਆਂ ਨੂੰ ਲੰਬੇ ਅਤੇ ਢਿੱਲੇ ਕੱਪੜੇ ਪਾਉਣ ਲਈ ਕਿਹਾ ਜਾਂਦਾ ਹੈ।
  • ਬੀਤੀ ਪੰਜ ਜੁਲਾਈ ਨੂੰ ਵੀ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਹਿਜਾਬ ਕਾਨੂੰਨ ਲਾਗੂ ਕੀਤਾ ਸੀ ਜੋ ਇੱਕ ਤਰ੍ਹਾਂ ਦੀ ਨਵੀਂ ਪਾਬੰਦੀ ਔਰਤਾਂ ਅਤੇ ਲੜਕੀਆਂ ਉੱਤੇ ਇਰਾਨ ਵਿੱਚ ਲਗਾਈ ਗਈ ਹੈ।
  • ਜੇ ਕੋਈ ਇਨ੍ਹਾਂ ਨਿਯਮਾਂ ਨੂੰ ਤੋੜਦਾ ਹੈ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  • ਨਿਯਮ ਤੋੜਨ ਵਾਲੇ ਉੱਤੇ ਕਈ ਵਾਰ ਜ਼ੁਰਮਾਨਾ ਅਤੇ ਕਈ ਵਾਰ ਗ੍ਰਿਫਤਾਰੀ ਵੀ ਕੀਤੀ ਜਾਂਦੀ ਹੈ।
  • ਤੇਹਰਾਨ ਵਿੱਚ ਵੀ ਮਹਿਸਾ ਅਮਿਨੀ ਨੂੰ ਹਿਜਾਬ ਨੂੰ ਲੈ ਕੇ ਹੀ ਹਿਰਾਸਤ ਵਿੱਚ ਲਿਆ ਸੀ, ਜਿਸਦੀ ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ।