‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਕੋਦਰ ਵਿਖੇ ਸਿੱਖ ਅਤੇ ਪੰਥਕ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਬੇਸ਼ੱਕ ਗੁਰਦਾਸ ਮਾਨ ਨੇ ਮੁਆਫ਼ੀ ਮੰਗ ਲਈ ਹੈ ਪਰ ਸਾਨੂੰ ਆਪਣਾ ਸਟੈਂਡ ਕਾਇਮ ਰੱਖਣਾ ਚਾਹੀਦਾ ਹੈ, ਜੇ ਅਸੀਂ ਹੁਣ ਪਿੱਛੇ ਮੁੜ ਗਏ ਤਾਂ ਹਰ ਵਾਰ ਇਕੱਠ ਕਰਕੇ ਸਾਨੂੰ ਘਰੇ ਮੁੜਨਾ ਪਿਆ ਕਰੇਗਾ ਤੇ ਇਨਸਾਫ਼ ਨਹੀਂ ਮਿਲੇਗਾ, ਸਾਡੇ ਪੱਲੇ ਕੁੱਝ ਨਹੀਂ ਪੈਣਾ। ਸਾਨੂੰ ਕੋਈ ਨਹੀਂ ਹਰਾ ਸਕਦਾ ਤੇ ਕੋਈ ਨਹੀਂ ਹਿਲਾ ਸਕਦਾ। ਜੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕੋਈ ਫੈਸਲਾ ਕਰਕੇ ਜਾਈਏ। ਸਿੱਖ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਜਦੋਂ ਗੁਰਦਾਸ ਮਾਨ ‘ਤੇ ਪਰਚਾ ਦਰਜ ਹੋਵੇਗਾ, ਉਦੋਂ ਹੀ ਉਹ ਵਾਪਸ ਜਾਣਗੇ। ਸਿੱਖ ਜਥੇਬੰਦੀਆਂ ਵੱਲੋਂ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਹੱਥਾਂ ਵਿੱਚ ਗੁਰਦਾਸ ਮਾਨ ਦਾ ਪੋਸਟਰ ਫੜ੍ਹ ਕੇ ਪੈਦਲ ਮਾਰਚ ਕੀਤਾ। ਸਾਰੀਆਂ ਸਿੱਖ ਜਥੇਬੰਦੀਆਂ ਨਕੋਦਰ ਵਿਖੇ ਸਦਰ ਥਾਣੇ ਦੇ ਬਾਹਰ ਇਕੱਠੀਆਂ ਹੋਈਆਂ ਹਨ ਅਤੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਸਿੱਖ ਜਥੇਬੰਦੀਆਂ ਥਾਣੇ ਦੇ ਬਾਹਰ ਚੌਂਕੜੇ ਮਾਰ ਕੇ ਬੈਠ ਗਈਆਂ ਹਨ।
ਪੁਲਿਸ ਨੇ ਸਿੱਖ ਜਥੇਬੰਦੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਪਹਿਲਾਂ ਹੀ ਉਸਦੇ ਖਿਲਾਫ਼ ਕੋਈ ਐਕਸ਼ਨ ਲੈ ਲੈਂਦਾ ਤਾਂ ਸਾਨੂੰ ਇੰਨੀ ਜੱਦੋ-ਜਹਿਦ ਨਾ ਕਰਨੀ ਪੈਂਦੀ। ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ ਕਿ ਸਿੱਖ ਧਰਮ ਵਿੱਚ ਪਹਿਲਾਂ ਨਿਮਰਤਾ ਆਉਂਦੀ ਹੈ ਅਤੇ ਜੇ ਗੁਰਦਾਸ ਮਾਨ ਨੇ ਮੁਆਫ਼ੀ ਮੰਗ ਲਈ ਹੈ ਤਾਂ ਸਾਨੂੰ ਆਪਣਾ ਦਿਲ ਵੱਡਾ ਰੱਖਣਾ ਚਾਹੀਦਾ ਹੈ। ਪੁਲਿਸ ਨੇ ਸਿੱਖ ਜਥੇਬੰਦੀਆਂ ਨੂੰ ਲਿਖਤੀ ਸ਼ਿਕਾਇਤ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਕਿੱਥੋਂ ਦਾ ਅਸੂਲ ਹੈ ਕਿ ਅੰਦਰ ਵੜ੍ਹ ਕੇ ਗਲਤੀ ਕਰੋ ਅਤੇ ਅੰਦਰ ਵੜ੍ਹ ਕੇ ਹੀ ਮੁਆਫ਼ੀ ਮੰਗੇ। ਗੁਰੂ ਸਾਹਿਬ ਜੀ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਕੀਤੀ ਜਾਵੇਗੀ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਮੁਆਫ਼ੀ ਗਲਤੀ ਦੀ ਦਿੱਤੀ ਜਾਂਦੀ ਹੈ, ਗੁਨਾਹ ਦੀ ਨਹੀਂ। ਗੁਰਦਾਸ ਮਾਨ ਵਾਰ-ਵਾਰ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਰਿਹਾ ਹੈ।